30 ਦਸੰਬਰ, 2025 ਅਜ ਦੀ ਆਵਾਜ਼
Sports Desk: ਹਾਰਦਿਕ ਪਾਂਡਿਆ ਕਦੇ ਭਾਰਤੀ ਟੈਸਟ ਟੀਮ ਦਾ ਅਹਿਮ ਹਿੱਸਾ ਰਹੇ ਹਨ। ਉਨ੍ਹਾਂ ਦੀ ਆਲਰਾਊਂਡ ਸਮਰੱਥਾ ਨਾਲ ਟੀਮ ਦਾ ਸੰਤੁਲਨ ਮਜ਼ਬੂਤ ਬਣਿਆ ਰਹਿੰਦਾ ਸੀ। ਪਰ ਪਿੱਠ ਦੀ ਗੰਭੀਰ ਸੱਟ ਕਾਰਨ ਉਹ ਟੈਸਟ ਫਾਰਮੈਟ ਤੋਂ ਦੂਰ ਹੋ ਗਏ ਅਤੇ ਬਾਅਦ ਵਿੱਚ ਖੁਦ ਹੀ ਟੈਸਟ ਕ੍ਰਿਕਟ ਨਾ ਖੇਡਣ ਦਾ ਫੈਸਲਾ ਕੀਤਾ। ਹੁਣ ਇੱਕ ਵਾਰ ਫਿਰ ਉਨ੍ਹਾਂ ਦੀ ਟੈਸਟ ਟੀਮ ਵਿੱਚ ਵਾਪਸੀ ਦੀ ਮੰਗ ਉੱਠ ਰਹੀ ਹੈ।
ਹਾਲੀਆ ਸਮੇਂ ਵਿੱਚ ਭਾਰਤ ਦਾ ਟੈਸਟ ਕ੍ਰਿਕਟ ਵਿੱਚ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ। ਪਾਂਡਿਆ ਦੇ ਬਾਅਦ ਟੀਮ ਨੂੰ ਕੋਈ ਅਜਿਹਾ ਤੇਜ਼ ਗੇਂਦਬਾਜ਼ ਆਲਰਾਊਂਡਰ ਨਹੀਂ ਮਿਲਿਆ ਜੋ ਲੰਮੇ ਸਮੇਂ ਤੱਕ ਪ੍ਰਭਾਵ ਛੱਡ ਸਕੇ। ਬੀਸੀਸੀਆਈ ਨੇ ਨਿਤੀਸ਼ ਕੁਮਾਰ ਰੈੱਡੀ ਨੂੰ ਮੌਕੇ ਤਾਂ ਦਿੱਤੇ ਹਨ, ਪਰ ਉਹ ਗੇਂਦਬਾਜ਼ੀ ਵਿੱਚ ਉਮੀਦਾਂ ’ਤੇ ਖਰੇ ਨਹੀਂ ਉਤਰ ਰਹੇ। ਟੀਮ ਮੈਨੇਜਮੈਂਟ ਵੀ ਉਨ੍ਹਾਂ ਤੋਂ ਵੱਧ ਓਵਰ ਨਹੀਂ ਕਰਵਾ ਰਹੀ।
“ਪਾਂਡਿਆ ਨੂੰ ਵਾਪਸ ਲਿਆਓ” – ਉਥੱਪਾ ਦੀ ਸਲਾਹ
ਭਾਰਤ ਦੇ ਸਾਬਕਾ ਬੱਲੇਬਾਜ਼ ਰੋਬਿਨ ਉਥੱਪਾ ਨੇ ਹਾਰਦਿਕ ਪਾਂਡਿਆ ਦੀ ਟੈਸਟ ਕ੍ਰਿਕਟ ਵਿੱਚ ਵਾਪਸੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਪਾਂਡਿਆ ਖੁਦ ਟੈਸਟ ਖੇਡਣ ਲਈ ਤਿਆਰ ਹੁੰਦੇ ਹਨ, ਤਾਂ BCCI ਉਨ੍ਹਾਂ ਨੂੰ ਰੋਕੇਗਾ ਨਹੀਂ।
ਉਥੱਪਾ ਨੇ ਆਪਣੇ ਯੂਟਿਊਬ ਚੈਨਲ ’ਤੇ ਕਿਹਾ,
“ਜੇ ਹਾਰਦਿਕ ਪਾਂਡਿਆ ਟੈਸਟ ਵਿੱਚ ਨੰਬਰ-7 ’ਤੇ ਵਾਪਸੀ ਕਰਦੇ ਹਨ ਤਾਂ ਇਹ ਭਾਰਤੀ ਟੀਮ ਲਈ ਬੇਹੱਦ ਸ਼ਾਨਦਾਰ ਹੋਵੇਗਾ। ਕ੍ਰਿਕਟ ਵਿੱਚ ਕਦੇ ਵੀ ‘ਕਦੇ ਨਹੀਂ’ ਨਹੀਂ ਕਹਿਣਾ ਚਾਹੀਦਾ। ਜੇ ਉਹ ਟੈਸਟ ਚੈਂਪੀਅਨਸ਼ਿਪ ਜਿੱਤਣ ਦੀ ਇੱਛਾ ਰੱਖਦੇ ਹਨ, ਤਾਂ ਮੈਨੂੰ ਨਹੀਂ ਲੱਗਦਾ ਕਿ ਬੋਰਡ ਉਨ੍ਹਾਂ ਨੂੰ ਮਨ੍ਹਾ ਕਰੇਗਾ। ਹਾਂ, ਫਿਟਨੈਸ ਸਾਬਤ ਕਰਨੀ ਜ਼ਰੂਰ ਪਵੇਗੀ।”
ਅੰਕੜੇ ਵੀ ਕਰਦੇ ਹਨ ਸਮਰਥਨ
ਹਾਰਦਿਕ ਪਾਂਡਿਆ ਨੇ ਭਾਰਤ ਲਈ ਆਖਰੀ ਟੈਸਟ 2018 ਵਿੱਚ ਖੇਡਿਆ ਸੀ। ਹੁਣ ਤੱਕ ਉਹ 11 ਟੈਸਟ ਮੈਚਾਂ ਵਿੱਚ 532 ਦੌੜਾਂ ਬਣਾ ਚੁੱਕੇ ਹਨ, ਜਿਸ ਵਿੱਚ ਇੱਕ ਸੈਂਕੜਾ ਅਤੇ ਚਾਰ ਅਰਧ-ਸੈਂਕੜੇ ਸ਼ਾਮਲ ਹਨ।
ਉਥੱਪਾ ਦੇ ਮਤਾਬਕ, ਜੇ ਪਾਂਡਿਆ ਹਰ ਪਾਰੀ ਵਿੱਚ 12-15 ਓਵਰ ਗੇਂਦਬਾਜ਼ੀ ਕਰ ਸਕਦੇ ਹਨ, ਤਾਂ ਉਹ ਮੌਜੂਦਾ ਫਿਟਨੈਸ ਦੇ ਨਾਲ ਟੀਮ ਲਈ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦੇ ਹਨ।
ਟੈਸਟ ਚੈਂਪੀਅਨਸ਼ਿਪ ’ਤੇ ਨਜ਼ਰ
ਉਥੱਪਾ ਨੇ ਇਹ ਵੀ ਕਿਹਾ ਕਿ ਹਰ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ ਕਿ ਉਹ ਵੱਧ ਤੋਂ ਵੱਧ ICC ਟ੍ਰਾਫੀਆਂ ਜਿੱਤੇ। ਹਾਰਦਿਕ ਪਾਂਡਿਆ ਪਹਿਲਾਂ ਹੀ ਚੈਂਪੀਅਨਜ਼ ਟ੍ਰਾਫੀ ਅਤੇ ਟੀ-20 ਵਰਲਡ ਕਪ ਜਿੱਤ ਚੁੱਕੇ ਹਨ। ਹੁਣ ਜੇ ਉਹ ਟੈਸਟ ਚੈਂਪੀਅਨਸ਼ਿਪ ਜਿੱਤ ਲੈਂਦੇ ਹਨ, ਤਾਂ ਉਨ੍ਹਾਂ ਦਾ ‘ਗ੍ਰੈਂਡ ਸਲੈਮ’ ਪੂਰਾ ਹੋ ਸਕਦਾ ਹੈ।
ਹੁਣ ਦੇਖਣਾ ਇਹ ਹੈ ਕਿ ਜੇ ਹਾਰਦਿਕ ਪਾਂਡਿਆ ਟੈਸਟ ਕ੍ਰਿਕਟ ਵਿੱਚ ਵਾਪਸੀ ਲਈ ਹਾਮੀ ਭਰਦੇ ਹਨ, ਤਾਂ BCCI ਉਨ੍ਹਾਂ ਨੂੰ ਕਿਹੜੇ ਰਸਤੇ ’ਤੇ ਅੱਗੇ ਵਧਾਉਂਦਾ ਹੈ।














