23 ਜਨਵਰੀ, 2026 ਅਜ ਦੀ ਆਵਾਜ਼
National Desk: ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਵਿੱਚ ਅਸ਼ਾਂਤੀ ਫੈਲਾਉਣ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਖਾਲਿਸਤਾਨੀ ਆਤੰਕੀ ਸੰਗਠਨ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ ਦਿੱਲੀ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਪੰਨੂ ਵੱਲੋਂ ਸੋਸ਼ਲ ਮੀਡੀਆ ’ਤੇ ਜਾਰੀ ਇੱਕ ਵੀਡੀਓ ਤੋਂ ਬਾਅਦ ਸਾਹਮਣੇ ਆਇਆ।
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਪੰਨੂ ਖ਼ਿਲਾਫ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNS) ਦੀਆਂ ਧਾਰਾਵਾਂ 196, 197, 152 ਅਤੇ 61 ਤਹਿਤ ਐਫਆਈਆਰ ਦਰਜ ਕੀਤੀ ਹੈ। ਇਹ ਕਾਰਵਾਈ 26 ਜਨਵਰੀ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕਾਨੂੰਨ-ਵਿਵਸਥਾ ਖ਼ਰਾਬ ਹੋਣ ਤੋਂ ਰੋਕਣ ਲਈ ਕੀਤੀ ਗਈ ਹੈ।
ਪੋਸਟਰ ਲਗਾਉਣ ਦਾ ਦਾਅਵਾ ਨਿਕਲਿਆ ਬੇਬੁਨਿਆਦ
ਪੁਲਿਸ ਮੁਤਾਬਕ, ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਉਸਦੇ ਸਲੀਪਰ ਸੈੱਲ ਨੇ ਦਿੱਲੀ ਦੇ ਰੋਹਿਣੀ ਅਤੇ ਡਾਬਰੀ ਇਲਾਕਿਆਂ ਵਿੱਚ ਖਾਲਿਸਤਾਨ ਸਮਰਥਕ ਪੋਸਟਰ ਲਗਾਏ ਹਨ। ਹਾਲਾਂਕਿ ਸਪੈਸ਼ਲ ਸੈੱਲ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਇਨ੍ਹਾਂ ਇਲਾਕਿਆਂ ਤੋਂ ਕੋਈ ਵੀ ਅਜਿਹਾ ਪੋਸਟਰ ਨਹੀਂ ਮਿਲਿਆ। ਪੁਲਿਸ ਨੇ ਪੰਨੂ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ।
ਧਮਕੀ ਭਰੇ ਵੀਡੀਓ ਤੋਂ ਬਾਅਦ ਜਾਂਚ ਤੇਜ਼
ਖਾਲਿਸਤਾਨੀ ਆਤੰਕੀ ਗੁਰਪਤਵੰਤ ਸਿੰਘ ਪੰਨੂ ਨੇ ਬੁੱਧਵਾਰ ਨੂੰ ਇੱਕ ਹੋਰ ਵੀਡੀਓ ਜਾਰੀ ਕਰਕੇ ਦਿੱਲੀ ਵਿੱਚ ਦੇਸ਼ ਵਿਰੋਧੀ ਨਾਰੇ ਲਿਖਵਾਉਣ ਦੀ ਧਮਕੀ ਦਿੱਤੀ ਸੀ। ਉਸਨੇ ਦਾਅਵਾ ਕੀਤਾ ਸੀ ਕਿ ਉਸਦੇ ਲੋਕਾਂ ਨੇ ਰਾਜਧਾਨੀ ਵਿੱਚ ਦੋ ਥਾਵਾਂ ’ਤੇ ਭਾਰਤ ਵਿਰੋਧੀ ਨਾਰੇ ਲਿਖੇ ਹਨ। ਪਰ ਦਿੱਲੀ ਪੁਲਿਸ ਦੀ ਜਾਂਚ ਵਿੱਚ ਇਹ ਦਾਅਵਾ ਵੀ ਗਲਤ ਸਾਬਤ ਹੋਇਆ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗਣਤੰਤਰ ਦਿਵਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪਹਿਲਾਂ ਹੀ ਪੂਰੀ ਤਰ੍ਹਾਂ ਸਚੇਤ ਹਨ ਅਤੇ ਅਜਿਹੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।
ਖੁਫੀਆ ਏਜੰਸੀਆਂ ਦਾ ਇਨਪੁੱਟ, ਸੁਰੱਖਿਆ ਹੋਰ ਮਜ਼ਬੂਤ
ਦੇਸ਼ ਦੀਆਂ ਖੁਫੀਆ ਏਜੰਸੀਆਂ ਨੇ ਦਿੱਲੀ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਨੂੰ ਸੂਚਨਾ ਦਿੱਤੀ ਹੈ ਕਿ ਪਾਕਿਸਤਾਨ ਵੱਲੋਂ ਤਿਆਰ ਕੀਤੇ ਗਏ ਕੁਝ ਆਤੰਕੀ ਬੰਗਲਾਦੇਸ਼ ਦੇ ਰਸਤੇ ਭਾਰਤ ਵਿੱਚ ਦਾਖ਼ਲ ਹੋ ਚੁੱਕੇ ਹਨ। ਹਾਲਾਂਕਿ, ਖੁਫੀਆ ਏਜੰਸੀਆਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਆਤੰਕੀ ਕਿੱਥੇ ਹਨ ਜਾਂ ਉਹਨਾਂ ਦੀ ਗਿਣਤੀ ਕਿੰਨੀ ਹੈ।
ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ, ਪਾਕਿਸਤਾਨੀ ਆਤੰਕੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੈੱਬਾ ਨੇ ਬੰਗਲਾਦੇਸ਼ ਵਿੱਚ ਆਪਣੇ ਟ੍ਰੇਨਿੰਗ ਕੈਂਪ ਬਣਾਏ ਹੋਏ ਹਨ, ਜਿੱਥੇ ਆਈਐਸਆਈ ਦੇ ਅਧਿਕਾਰੀ ਵੀ ਆਉਂਦੇ-ਜਾਂਦੇ ਰਹਿੰਦੇ ਹਨ। ਇਨ੍ਹਾਂ ਇਨਪੁੱਟਸ ਤੋਂ ਬਾਅਦ ਦਿੱਲੀ ਪੁਲਿਸ, ਪੜੋਸੀ ਰਾਜਾਂ ਦੀ ਪੁਲਿਸ ਅਤੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ’ਤੇ ਹਨ।














