National 29 Oct 2025 AJ DI Awaaj
National Desk : ਜਿਸ ਗੱਲ ਦਾ ਡਰ ਸੀ, ਉਹੀ ਹੋਇਆ — ਮੰਗਲਵਾਰ ਰਾਤ ਚੱਕਰਵਾਤ ਮੋਂਥਾ (Cyclone Montha) ਨੇ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ਵਿੱਚ ਜ਼ਬਰਦਸਤ ਤਬਾਹੀ ਮਚਾਈ। 90 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵੱਗੀਆਂ ਹਵਾਵਾਂ ਕਾਰਨ ਕਈ ਥਾਵਾਂ ‘ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਉਖੜ ਗਏ। ਉੱਚੀਆਂ ਲਹਿਰਾਂ ਨੇ ਤੱਟੀ ਖੇਤਰਾਂ ਨੂੰ ਲਪੇਟ ‘ਚ ਲੈ ਲਿਆ।
ਮਛਲੀਪਟਨਮ ਅਤੇ ਕਲਿੰਗਾਪਟਨਮ ਦੇ ਵਿਚਕਾਰ ਕਾਕੀਨਾਡਾ ਦੇ ਨੇੜੇ ਚੱਕਰਵਾਤ ਦਾ ਲੈਂਡਫਾਲ ਹੋਇਆ। ਆਂਧਰਾ ਪ੍ਰਦੇਸ਼ ਦੇ ਕੋਨਸੀਮਾ ਜ਼ਿਲ੍ਹੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਜਦੋਂ ਦਰੱਖਤ ਉਸ ਦੇ ਘਰ ਉੱਤੇ ਡਿੱਗ ਗਿਆ, ਜਦਕਿ ਦੋ ਹੋਰ ਲੋਕ ਜ਼ਖ਼ਮੀ ਹੋਏ ਹਨ।
ਓਡੀਸ਼ਾ, ਤੇਲੰਗਾਨਾ, ਛੱਤੀਸਗੜ੍ਹ, ਬਿਹਾਰ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ। ਓਡੀਸ਼ਾ ਦੇ 15 ਜ਼ਿਲ੍ਹਿਆਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ ਅਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਮੌਸਮ ਵਿਭਾਗ (IMD) ਅਨੁਸਾਰ, ਚੱਕਰਵਾਤ ਅਗਲੇ 24 ਘੰਟਿਆਂ ‘ਚ ਉੱਤਰ ਵੱਲ ਵਧੇਗਾ ਅਤੇ ਪੂਰਬੀ ਤੇ ਮੱਧ ਭਾਰਤ ਦੇ ਇਲਾਕਿਆਂ ‘ਚ ਭਾਰੀ ਬਾਰਿਸ਼ ਹੋ ਸਕਦੀ ਹੈ।
ਪੰਜਾਬ ਵਿੱਚ ਵੀ ਇਸਦਾ ਅਸਰ ਪੈਣ ਦੀ ਸੰਭਾਵਨਾ ਹੈ — ਅਗਲੇ 12 ਤੋਂ 24 ਘੰਟਿਆਂ ‘ਚ ਬੱਦਲ ਛਾਏ ਰਹਿਣਗੇ ਅਤੇ ਕੁਝ ਥਾਵਾਂ ‘ਤੇ ਬਾਰਿਸ਼ ਹੋ ਸਕਦੀ ਹੈ।
ਚੇਤਾਵਨੀ ਜਾਰੀ:
-
ਆਂਧਰਾ ਪ੍ਰਦੇਸ਼, ਓਡੀਸ਼ਾ, ਤੇਲੰਗਾਨਾ, ਛੱਤੀਸਗੜ੍ਹ ਤੇ ਵਿਦਰਭ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ।
-
ਕਰਨਾਟਕ, ਗੋਆ, ਗੁਜਰਾਤ ਅਤੇ ਪੱਛਮੀ ਬੰਗਾਲ ਦੇ ਤੱਟੀ ਇਲਾਕਿਆਂ ਵਿੱਚ ਸਮੁੰਦਰ ਉਫਾਨ ‘ਤੇ।
-
ਹਵਾਵਾਂ ਦੀ ਗਤੀ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ, ਇਸ ਲਈ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਮੌਸਮ ਵਿਭਾਗ ਨੇ ਸੂਬਾਈ ਸਰਕਾਰਾਂ ਅਤੇ ਆਫ਼ਤ ਪ੍ਰਬੰਧਨ ਏਜੰਸੀਆਂ ਨੂੰ ਚੌਕਸ ਰਹਿਣ ਤੇ ਰਾਹਤ ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ।














