ਧਨੌਲਾ, 1 ਅਕਤੂਬਰ 2025 AJ DI Awaaj
Punjab Desk : ਪੀ.ਐੱਮ. ਸ਼੍ਰੀ ਸਕੂਲ ਧਨੌਲਾ (ਮੁੰਡੇ) ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸੁਨੀਤਇੰਦਰ ਸਿੰਘ, ਡਿਪਟੀ ਡੀਈਓ ਡਾ. ਬਰਜਿੰਦਰਪਾਲ ਸਿੰਘ ਅਤੇ ਬਲਾਕ ਨੋਡਲ ਅਫ਼ਸਰ ਹੈਡਮਿਸਟਰਸ ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ ਤਹਿਤ ਸਕੂਲ ਇੰਚਾਰਜ ਮੈਡਮ ਹਰਪ੍ਰੀਤ ਕੌਰ ਦੀ ਅਗਵਾਈ ਵਿੱਚ ਸਾਇਬਰ ਸੁਰੱਖਿਆ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਜ਼ਿਲ੍ਹਾ ਬਰਨਾਲਾ ਸਾਇਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਐੱਸਐੱਚਓ ਇੰਸਪੈਕਟਰ ਕਮਲਜੀਤ ਸਿੰਘ ਦੀ ਅਗਵਾਈ ਵਿੱਚ ਸਬ-ਇੰਸਪੈਕਟਰ ਸਤਵਿੰਦਰਪਾਲ ਸਿੰਘ ਅਤੇ ਹੈੱਡ ਕਾਂਸਟੇਬਲ ਜਗਤਾਰ ਸਿੰਘ ਨੇ ਵਿਦਿਆਰਥੀਆਂ ਨੂੰ ਸਾਇਬਰ ਸੁਰੱਖਿਆ ਅਤੇ ਸਾਇਬਰ ਅਪਰਾਧ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਸਾਇਬਰ ਕ੍ਰਾਈਮ ਕੀ ਹੁੰਦਾ ਹੈ, ਇਸ ਦੇ ਕਿਹੜੇ-ਕਿਹੜੇ ਰੂਪ ਹਨ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਔਨਲਾਈਨ ਧੋਖਾਧੜੀ, ਫਿਸ਼ਿੰਗ, ਹੈਕਿੰਗ, ਜਾਲਸਾਜ਼ੀ ਵਾਲੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਰਾਹੀਂ ਹੋਣ ਵਾਲੇ ਅਪਰਾਧ ਸਾਇਬਰ ਕ੍ਰਾਈਮ ਦੇ ਆਮ ਰੂਪ ਹਨ।
ਸਾਇਬਰ ਸੈੱਲ ਟੀਮ ਨੇ ਇਹ ਵੀ ਵਿਆਖਿਆ ਕੀਤੀ ਕਿ ਸਾਇਬਰ ਕ੍ਰਾਈਮ ਕਰਨ ਵਾਲਿਆਂ ਨੂੰ ਕਾਨੂੰਨ ਅਨੁਸਾਰ ਕਿਹੜੀਆਂ ਸਜ਼ਾਵਾਂ ਮਿਲ ਸਕਦੀਆਂ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ, ਅਣਜਾਣ ਲਿੰਕਾਂ, ਈ-ਮੇਲਾਂ ਅਤੇ ਸੋਸ਼ਲ ਮੀਡੀਆ ਰਿਕਵੈਸਟਾਂ ਤੋਂ ਬਚਣ ਅਤੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰਨ ਦੀ ਸਲਾਹ ਦਿੱਤੀ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਸਾਇਬਰ ਸੈੱਲ ਅਧਿਕਾਰੀਆਂ ਨਾਲ ਸਵਾਲ ਕੀਤੇ।ਅਧਿਕਾਰੀਆਂ ਨੇ ਹਰ ਪ੍ਰਸ਼ਨ ਦਾ ਵਿਸਥਾਰ ਨਾਲ ਉੱਤਰ ਦਿੱਤਾ ਅਤੇ ਸਭ ਨੂੰ ਜ਼ਿੰਮੇਵਾਰ ਡਿਜ਼ੀਟਲ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।
ਅੰਤ ਵਿੱਚ ਸਕੂਲ ਇੰਚਾਰਜ ਹਰਪ੍ਰੀਤ ਕੌਰ, ਪ੍ਰੋਗਰਾਮ ਦੇ ਨੋਡਲ ਇੰਚਾਰਜ ਤਰਸੇਮ ਸਿੰਘ, ਮੈਡਮ ਅਨੂਪਾ ਰਾਣੀ ਅਤੇ ਰਣਜੀਤ ਕੌਰ ਵੱਲੋਂ ਪੁਲਿਸ ਅਧਿਕਾਰੀਆਂ ਅਤੇ ਬਲਾਕ ਰੀਸੋਰਸ ਕੋਆਰਡੀਨੇਟਰ ਹਰਵਿੰਦਰ ਰੋਮੀ ਦਾ ਧੰਨਵਾਦ ਕੀਤਾ ਅਤੇ ਮੋਮੇਂਟੋ ਦੇਕੇ ਸਨਮਾਨਿਤ ਕੀਤਾ ਗਿਆ।
