ਕੀਰਤਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਤੇ ਖਰਚੇ ਜਾ ਰਹੇ ਹਨ ਕਰੋੜਾਂ

58

ਕੀਰਤਪੁਰ ਸਾਹਿਬ 13 ਨਵੰਬਰ 2025 AJ DI Awaaj

Punjab Desk : ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਅਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਦਰਗਾਹ ਸਾਈ ਪੀਰ ਬਾਬਾ ਬੁੱਢਣ ਸ਼ਾਹ ਕੀਰਤਪੁਰ ਸਾਹਿਬ ਵਿਖੇ ਸਲਾਨਾ ਉਰਸ ਵਿੱਚ ਸ਼ਿਰਕਤ ਕੀਤੀ ਅਤੇ ਸਮੁੱਚੀ ਲੋਕਾਈ ਦੀ ਭਲਾਈ, ਤਰੱਕੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਬਹੁਤ ਹੀ ਸ਼ਰਧਾ ਨਾਲ ਮੱਥਾ ਟੇਕਿਆ ਅਤੇ ਮਾਨਵਤਾ ਦੀ ਭਲਾਈ ਲਈ ਅੱਗੇ ਤੋ ਹੋਰ ਵਧੇਰੇ ਉਤਸ਼ਾਹ ਨਾਲ ਕੰਮ ਕਰਨ ਲਈ ਆਸ਼ੀਰਵਾਦ ਲਿਆ।

    ਇਸ ਮੌਕੇ ਸ.ਬੈਂਸ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲਾ ਸਮਝਦੇ ਹਨ ਜਿਨ੍ਹਾਂ ਨੂੰ ਇਸ ਮਹਾਨ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਇਲਾਕੇ ਦੀ ਸਮੂਹ ਸੰਗਤਾਂ ਵੱਲੋਂ ਦਰਗਾਹ ਸਾਈ ਪੀਰ ਬਾਬਾ ਬੁੱਢਣ ਸ਼ਾਹ ਵਿਖੇ ਸਲਾਨਾ ਉਰਸ ਸ਼ਾਨੋ ਸ਼ੋਕਤ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਸਮੁੱਚੀਆਂ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।

    ਹਰਜੋਤ ਸਿੰਘ ਬੈਂਸ ਨੇ ਕੀਰਤਪੁਰ ਸਾਹਿਬ ਦੇ ਵਿਕਾਸ ਦੀ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋ ਦੋ ਗੁਰੂ ਸਾਹਿਬਾਨ ਦੇ ਜਨਮ ਅਸਥਾਨ ਅਤੇ ਛੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਨੂੰ ਧਾਰਮਿਕ ਟੂਰਿਜਮ ਵਜੋ ਵਿਕਸਿਤ ਕੀਤਾ ਜਾ ਰਿਹਾ ਹੈ, ਇਸ ਨਗਰੀ ਵਿਚ ਬਹੁਤ ਹੀ ਇਤਿਹਾਸਕ ਧਾਰਮਿਕ ਅਸਥਾਨ ਹਨ, ਅਸੀਂ ਚਾਹੁੰਦੇ ਹਾਂ ਕਿ ਬਾਹਰਲੇ ਦੇਸਾਂ ਅਤੇ ਹੋਰ ਰਾਜਾਂ ਦੇ ਲੋਕ ਇਸ ਨਗਰੀ ਵਿਚ ਆ ਕੇ ਇਹਨਾਂ ਧਾਰਮਿਕ ਅਸਥਾਨਾ ਦੇ ਦਰਸ਼ਨ ਕਰਨ। ਉਹਨਾਂ ਕਿਹਾ ਕਿ ਇਸ ਨਗਰੀ ਵਿਚ ਵਿਕਾਸ ਕਾਰਜ ਚੱਲ ਰਹੇ ਹਨ, ਜਦੋਂ ਕਿ 12 ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਆਂਫ ਐਮੀਨੈਂਸ ਦਾ ਕੰਮ ਚੱਲ ਰਿਹਾ ਹੈ, 1.50 ਕਰੋੜ ਰੁਪਏ ਦੀ ਲਾਗਤ ਨਾਲ ਮੁੱਢਲੇ ਸਿਹਤ ਕੇਂਦਰ ਨੂੰ ਅਤਿ ਆਧੁਨਿਕ ਬਣਾਇਆ ਜਾ ਰਿਹਾ ਹੈ, ਪਤਾਲਪੁਰੀ ਚੋਂਕ ਦਾ ਸੁੰਦਰੀਕਰਨ ਕਰਵਾ ਕੇ ਉਥੇ ਰਬਾਬ ਸਥਾਪਿਤ ਕੀਤੀ ਗਈ ਹੈ। ਕੀਰਤਪੁਰ ਸਾਹਿਬ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ, ਬੱਸ ਅੱਡਾ, ਨੈਸ਼ਨਲ ਹਾਈਵੇ ਦੇ ਆਲੇ ਦੁਆਲੇ ਦੇ ਵਿਕਾਸ ਦੀ ਰੂਪ ਰੇਖਾ ਤਿਆਰ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੀ ਲਹਿਰ ਪੂਰੇ ਹਲਕੇ ਵਿਚ ਚੱਲ ਰਹੀ ਹੈ। ਇਸ ਮੌਕੇ ਦਿਲਬਾਗ ਮੁਹੰਮਦ, ਸੁਜੈਨ ਸ਼ਾਹ, ਪ੍ਰਵੇਸ਼ ਸਾਹ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸੇਸ਼ ਸਨਮਾਨ ਕੀਤਾ ਗਿਆ।

     ਇਸ ਮੌਕੇ ਕਮਿੱਕਰ ਸਿੰਘ ਡਾਢੀ ਚੇਅਰਮੈਨ, ਟਰੱਕ ਯੂਨੀਅਨ ਪ੍ਰਧਾਨ ਤੇ ਬਲਾਕ ਪ੍ਰਧਾਨ ਚੰਗਰ ਜੋਨ ਤਰਲੋਚਨ ਸਿੰਘ ਲੋਚੀ, ਬਰਿੰਦਰ ਸਿੰਘ ਬਲਾਕ ਪ੍ਰਧਾਨ, ਡਾ.ਜਰਨੈਲ ਸਿੰਘ ਸਰਪੰਚ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।