02 ਜਨਵਰੀ, 2026 ਅਜ ਦੀ ਆਵਾਜ਼
Health Desk: ਕੀ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਅਚਾਨਕ ਖੰਘ ਆਉਣ ਲੱਗਦੀ ਹੈ ਜਾਂ ਗਲੇ ਵਿੱਚ ਕੁਝ ਅਟਕਣ ਜਿਹਾ ਅਹਿਸਾਸ ਹੁੰਦਾ ਹੈ? ਅਕਸਰ ਲੋਕ ਇਸਨੂੰ ਸਰਦੀ-ਜ਼ੁਕਾਮ ਜਾਂ ਗਲੇ ਦੀ ਇਨਫੈਕਸ਼ਨ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਮਾਹਿਰਾਂ ਅਨੁਸਾਰ ਇਹ ਸਮੱਸਿਆ ਪੇਟ ਨਾਲ ਜੁੜੀ ਹੋ ਸਕਦੀ ਹੈ।
ਗੈਸਟਰੋਏਂਟਰੋਲੋਜਿਸਟ ਡਾ. ਜੋਸੇਫ ਸਾਲਹਬ ਮੁਤਾਬਕ, ਖਾਣੇ ਤੋਂ ਬਾਅਦ ਆਉਣ ਵਾਲੀ ਖੰਘ, ਵਾਰ-ਵਾਰ ਗਲਾ ਸਾਫ਼ ਕਰਨ ਦੀ ਆਦਤ ਜਾਂ ਆਵਾਜ਼ ਦਾ ਭਾਰੀ ਹੋਣਾ ਹਮੇਸ਼ਾ ਸਾਹ ਜਾਂ ਗਲੇ ਦੀ ਬਿਮਾਰੀ ਨਹੀਂ ਹੁੰਦੀ। ਕਈ ਮਾਮਲਿਆਂ ਵਿੱਚ ਇਹ ਲੈਰੀੰਗੋਫੇਰੀਨਜੀਅਲ ਰਿਫਲਕਸ (LPR) ਦਾ ਸੰਕੇਤ ਹੁੰਦਾ ਹੈ।
ਕੀ ਹੁੰਦਾ ਹੈ LPR?
LPR ਇੱਕ ਅਜਿਹੀ ਸਥਿਤੀ ਹੈ, ਜਿਸ ਵਿੱਚ ਪੇਟ ਦਾ ਐਸਿਡ ਅਤੇ ਪੇਪਸਿਨ ਭੋਜਨ ਨਲੀ ਰਾਹੀਂ ਉੱਪਰ ਚੜ੍ਹ ਕੇ ਗਲੇ ਅਤੇ ਵਾਇਸ ਬਾਕਸ ਤੱਕ ਪਹੁੰਚ ਜਾਂਦਾ ਹੈ। ਕਿਉਂਕਿ ਵਾਇਸ ਬਾਕਸ ਬਹੁਤ ਸੰਵੇਦਨਸ਼ੀਲ ਹੁੰਦਾ ਹੈ, ਇਸ ਕਰਕੇ ਥੋੜ੍ਹੀ ਜਿਹੀ ਐਸਿਡ ਵੀ ਜਲਣ ਪੈਦਾ ਕਰ ਦਿੰਦੀ ਹੈ।
ਇਹ ਲੱਛਣ ਆ ਸਕਦੇ ਹਨ
-
ਖਾਣੇ ਤੋਂ ਬਾਅਦ ਲਗਾਤਾਰ ਖੰਘ
-
ਵਾਰ-ਵਾਰ ਗਲਾ ਸਾਫ਼ ਕਰਨ ਦਾ ਮਨ
-
ਆਵਾਜ਼ ਭਾਰੀ ਜਾਂ ਕਰਕਸ਼ ਹੋਣਾ
-
ਗਲੇ ਵਿੱਚ ਕੁਝ ਫਸਣ ਜਿਹਾ ਅਹਿਸਾਸ
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਥਿਤੀ ਵਿੱਚ ਕਈ ਵਾਰ ਸੀਨੇ ਦੀ ਜਲਣ ਵਰਗੇ ਆਮ ਐਸਿਡਿਟੀ ਦੇ ਲੱਛਣ ਮਹਿਸੂਸ ਹੀ ਨਹੀਂ ਹੁੰਦੇ, ਜਿਸ ਕਰਕੇ ਲੋਕ ਸਮੱਸਿਆ ਨੂੰ ਸਮਝ ਨਹੀਂ ਪਾਂਦੇ।
ਕਿਵੇਂ ਕੀਤਾ ਜਾ ਸਕਦਾ ਹੈ ਬਚਾਅ?
ਡਾ. ਸਾਲਹਬ ਅਨੁਸਾਰ, LPR ਤੋਂ ਬਚਾਅ ਲਈ ਖੁਰਾਕ ਅਤੇ ਲਾਈਫਸਟਾਈਲ ਵਿੱਚ ਬਦਲਾਅ ਬਹੁਤ ਜ਼ਰੂਰੀ ਹੈ।
ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰੋ:
ਕੌਫੀ, ਸ਼ਰਾਬ, ਮਸਾਲੇਦਾਰ ਖਾਣਾ, ਚਾਕਲੇਟ, ਪੁਦੀਨਾ ਅਤੇ ਜ਼ਿਆਦਾ ਐਸਿਡ ਵਾਲੀਆਂ ਚੀਜ਼ਾਂ।
ਦੇਰ ਰਾਤ ਖਾਣ ਤੋਂ ਬਚੋ:
ਸੌਣ ਤੋਂ ਘੱਟੋ-ਘੱਟ 2–3 ਘੰਟੇ ਪਹਿਲਾਂ ਹੀ ਖਾਣਾ ਖਾ ਲਓ।
ਜੇਕਰ ਇਨ੍ਹਾਂ ਬਦਲਾਵਾਂ ਦੇ ਬਾਵਜੂਦ ਵੀ ਖੰਘ ਜਾਂ ਗਲੇ ਦੀ ਸਮੱਸਿਆ ਠੀਕ ਨਹੀਂ ਹੁੰਦੀ, ਤਾਂ ਮਾਹਿਰ ਸਲਾਹ ਦਿੰਦੇ ਹਨ ਕਿ ਤੁਰੰਤ ਗੈਸਟਰੋਏਂਟਰੋਲੋਜਿਸਟ ਜਾਂ ENT ਡਾਕਟਰ ਨਾਲ ਸੰਪਰਕ ਕੀਤਾ ਜਾਵੇ।














