ਮਾਲੇਰਕੋਟਲਾ 19 ਜੂਨ 2025 AJ DI Awaaj
Punjab Desk : ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਅਤੇ ਸਿਹਤਮੰਤ ਸਮਾਜ ਦੀ ਸਿਰਜਣਾ ਲਈ ਚਲਾਈ ਗਈ ‘ਸੀ.ਐਮ. ਦੀ ਯੋਗਸ਼ਾਲਾ’ ਤਹਿਤ 21 ਜੂਨ ਨੂੰ ਜ਼ਿਲ੍ਹਾ, ਸਬ ਡਵੀਜਨ ਅਤੇ ਬਲਾਕ ਪੱਧਰ ’ਤੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ।
ਮੁੱਖ ਮੰਤਰੀ ਫ਼ੀਲਡ ਅਫ਼ਸਰ -ਕਮ- ਸਹਾਇਕ ਕਮਿਸ਼ਨਰ (ਜਨਰਲ) ਰਾਕੇਸ਼ ਗਰਗ ਨੇ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਕੀਤੀਆਂ ਜਾਣ ਵਾਲੀਆਂ ਅਗੇਤੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਦੱਸਿਆ ਕਿ ਸਬ ਡਵੀਜਨ ਪੱਧਰ ਤੇ ਅਮਰਗੜ੍ਹ ਵਿਖੇ ਨਵ ਦੁਰਗਾ ਮੰਦਿਰ ਨੇੜੇ ਸਿਵਲ ਹਸਪਤਾਲ ਵਿਖੇ ਅਤੇ ਅਹਿਮਦਗੜ੍ਹ ਵਿਖੇ ਚਪਰ ਪਾਰਕ ਅਹਿਮਦਗੜ੍ਹ ਵਿਖੇ ਮਨਾਇਆ ਜਾਵੇਗਾ ।
ਉਨ੍ਹਾਂ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਤਹਿਤ ਪਹਿਲਾਂ ਤੋਂ ਹੀ ਰੋਜ਼ਾਨਾ ਪੂਰੇ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ’ਤੇ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਮੂਲੀਅਤ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ਵਿਚ ਲੋਕ ਸਰੀਰਿਕ ਤੰਦਰੁਸਤੀ ਨੂੰ ਪਹਿਲ ਦੇਣ ਲੱਗੇ ਹਨ, ਇਸੇ ਕਰਕੇ ਹੀ ਯੋਗ ਕਲਾਸਾਂ ਵਿਚ ਲੋਕਾਂ ਦੀ ਦਿਲਚਸਪੀ ਵੱਧ ਰਹੀ ਹੈ।
ਉਨ੍ਹਾਂ ਕਿਹਾ ਕਿ ਯੋਗ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ ਯੋਗ ਦੇ ਸਰੀਰਿਕ ’ਤੇ ਮਾਨਸਿਕ ਫਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ 21 ਜੂਨ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਦਿਵਸ ਵਿਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਯੋਗ ਨਾਲ ਜੁੜ ਕੇ ਤੰਦਰੁਸਤ ਜੀਵਨਸ਼ੈਲੀ ਅਪਣਾ ਸਕਣ।
ਉਨ੍ਹਾਂ ਨੇ ਅਧਿਕਾਰੀਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਤਿਆਰੀਆਂ ਮੁਕੰਮਲ ਕਰਨ ਅਤੇ ਲੋਕਾਂ ਨੂੰ ਇਸ ਸਮਾਗਮ ਸਬੰਧੀ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਧ ਚੜ੍ਹ ਕੇ ਅੰਤਰਰਾਸ਼ਟਰੀ ਯੋਗ ਦਿਵਸ ’ਚ ਸ਼ਮੂਲੀਅਤ ਕਰਨ।
