ਬਰਨਾਲਾ, 30 ਜੁਲਾਈ 2025 AJ Di Awaaj
Punjab Desk : ਬਰਨਾਲਾ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਸੀਵਰੇਜ ਦੀ ਸਮੱਸਿਆ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਨਜ਼ਰਸਾਨੀ ਕੀਤੀ ਜਾ ਰਹੀ ਹੈ।
ਇਸ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ ਦੀ ਅਗਵਾਈ ਹੇਠ ਜਿੱਥੇ ਸਬੰਧਤ ਇਲਾਕਿਆਂ ਵਿਚ ਰਾਹੀ ਬਸਤੀ, ਸੇਖਾ ਰੋਡ ਗਲੀ ਨੰਬਰ 5, ਸ਼ਕਤੀ ਨਗਰ ਵਿਚ ਸਫਾਈ ਕਰਵਾਈ ਜਾ ਰਹੀ ਹੈ, ਓਥੇ ਹੀ ਸਿਹਤ ਵਿਭਾਗ ਦੀ ਟੀਮ ਭੇਜ ਕੇ ਇਲਾਕਾ ਵਾਸੀਆਂ ਦੀ ਸਿਹਤ ਜਾਂਚ ਵੀ ਕਰਵਾਈ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਰਾਹੀ ਬਸਤੀ ਵਿਚ ਹੈਪੇਟਾਇਟਸ ਨਾਲ ਸ਼ੱਕੀ ਮੌਤ ਦੀ ਸੂਚਨਾ ਮਿਲਣ ‘ਤੇ ਫੌਰੀ ਟੀਮ ਇਲਾਕੇ ਵਿਚ ਭੇਜੀ ਗਈ ਅਤੇ ਸਬੰਧਤ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਚੈਕਅੱਪ ਕੀਤਾ ਗਿਆ।
ਸਿਵਲ ਸਰਜਨ ਬਰਨਾਲਾ ਵਲੋਂ 2 ਟੀਮਾਂ ਦਾ ਗਠਨ ਕਰਦਿਆਂ ਰਾਹੀ ਬਸਤੀ ਦੇ 45 ਘਰਾਂ ਦਾ ਸਰਵੇ ਕੀਤਾ ਗਿਆ, ਜਿਸ ਦੌਰਾਨ ਕੋਈ ਵੀ ਪੀਲੀਏ ਤੋਂ ਸ਼ੱਕੀ ਪੀੜਤ ਨਹੀਂ ਪਾਇਆ ਗਿਆ। ਸਿਹਤ ਵਿਭਾਗ ਦੀ ਟੀਮ ਵੱਲੋਂ ਸਬੰਧਿਤ ਇਲਾਕੇ ਵਿੱਚ 400 ਦੇ ਕਰੀਬ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਗਈਆਂ ਤੇ ਲੋਕਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਵੀ ਜਾਗਰੂਕ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੇਖਾ ਰੋਡ ਗਲੀ ਨੰਬਰ 5 ਵਿੱਚ ਮੈਨਹੋਲ ਦੀ ਸਫਾਈ ਸ਼ੁਰੂ ਕਰਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੇਖਾ ਰੋਡ ਗਲੀ ਨੰਬਰ 5 ਅਤੇ ਸ਼ਕਤੀ ਨਗਰ ਵਿਚ ਵੀ ਸਫ਼ਾਈ ਕਰਵਾਈ ਜਾ ਰਹੀ ਹੈ।ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੀ ਏਨਾ ਇਲਾਕਿਆਂ ਵਿਚ ਸਿਹਤ ਜਾਂਚ ਕਰਨ ਅਤੇ ਲੋਕਾਂ ਨੂੰ ਬਰਸਾਤਾਂ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਇਨ੍ਹਾਂ ਟੀਮਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
