ਮਾਲੇਰਕੋਟਲਾ 20 ਅਗਸਤ 2025 AJ DI Awaaj
Punjab Desk : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਮੰਤਰੀ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਵੱਲੋਂ ਬਲਾਕ ਅਮਰਗੜ੍ਹ ਦੇ ਵੱਖ ਵੱਖ ਟੀਕਾਕਰਨ ਕੈਪਾਂ ਦਾ ਅਚਨਚੇਤ ਦੌਰਾ ਕੀਤਾ ਗਿਆ। ਵਿਸ਼ਵ ਸਿਹਤ ਸੰਸਥਾ ਤੋਂ ਡਾ. ਨਵੇਂਦਿਤਾ ਵੱਲੋਂ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿਖ਼ੇ ਲੱਗੇ ਮਮਤਾ ਦਿਵਸ ਟੀਕਾਕਰਨ ਕੈਂਪ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕਿ ਟੀਕਾਕਰਣ ਕੈਂਪ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਗਰਭਵਤੀ ਔਰਤਾਂ ਅਤੇ ਬੱਚਿਆਂ ਜਾ ਟੀਕਾਕਰਨ ਕੀਤਾ ਜਾ ਰਿਹਾ ਹੈ । ਇਸ ਕੈਂਪ ਦਾ ਮੰਤਵ ਜਨਮ ਤੋਂ 16 ਸਾਲ ਦੀ ਉਮਰ ਤੱਕ ਦੇ ਸਾਰੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਣ ਕਰਨਾ ਹੈ ਤਾਂ ਜੋ ਕੋਈ ਵੀ ਲਾਭਪਾਤਰੀ ਟੀਕਾਕਰਣ ਤੋਂ ਵਾਂਝਾ ਨਾ ਰਹਿ ਸਕੇ ।
ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਅਤੇ ਬੱਚੇ ਦੇ ਜਨਮ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਦੇ ਬੱਚਿਆ ਦਾ ਟੀਕਾਕਰਣ ਬਿਲਕੁਲ ਮੁਫਤ ਕੀਤਾ ਜਾਂਦਾ ਹੈ । ਉਹਨਾਂ ਕਿਹਾ ਕੇ ਇਹ ਵੈਕਸੀਨ ਬੱਚਿਆਂ ਨੂੰ ਕਈ ਮਾਰੂ ਰੋਗ ਜਿਵੇਂ ਟੀ.ਬੀ., ਕਾਲਾ ਪੀਲੀਆ, ਦਿਮਾਗੀ ਬੁਖ਼ਾਰ, ਗਲਘੋਟੂ, ਕਾਲੀ ਖੰਘ, ਨਿਮੋਨੀਆ, ਦਸਤ ਰੋਗ, ਖਸਰਾ-ਰੁਬੇਲਾ ਅਤੇ ਟੈਟਨਸ ਵਰਗੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ । ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਟੀਕਾਕਰਣ ਸਹੀ ਸਮੇਂ ਤੇ ਸਡਿਊਲ ਮੁਤਾਬਕ ਜਰੂਰ ਕਰਵਾਉਣ ਤਾਂ ਜੋ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਦਾ ਪੱਧਰ ਹੋਰ ਉੱਚਾ ਚੁੱਕਿਆ ਜਾ ਸਕੇ । ਇਸ ਮੌਕੇ ਉਹਨਾਂ ਨੇ ਮੀਡੀਕਲ ਟੀਮਾਂ ਨੂੰ ਹਰ ਇੱਕ ਯੋਗ ਵਿਅਕਤੀ ਦਾ ਪੂਰਾ ਟੀਕਾਕਰਨ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਉਹਨਾਂ ਦੇ ਨਾਲ ਮਾਸ ਮੀਡੀਆ ਵਿੰਗ ਤੋਂ ਰਣਵੀਰ ਸਿੰਘ ਢੰਡੇ, ਟੀਕਾਕਰਣ ਸਹਾਇਕ ਮੁਹੰਮਦ ਅਕਮਲ ਹਾਜ਼ਰ ਸਨ।
