ਨਵੀਂ ਦਿੱਲੀ 10 ਦਸੰਬਰ, 2025 ਅਜ ਦੀ ਆਵਾਜ਼
International Desk: ਚੀਨ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਜੋੜੇ ‘ਤੇ ਇੰਸ਼ੋਰੈਂਸ ਧੋਖਾਧੜੀ ਦੇ ਦੋਸ਼ ਲੱਗੇ ਹਨ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ, ਵਾਂਗ ਨਾਮ ਦੇ ਵਿਅਕਤੀ ਨੇ ਕਥਿਤ ਤੌਰ ‘ਤੇ ਮਜ਼ਾਕ-ਮਜ਼ਾਕ ਵਿੱਚ ਆਪਣੀ ਗਰਲਫ੍ਰੈਂਡ ਦੀ ਛਾਤੀ ਦੀ ਹੱਡੀ ਤੋੜ ਦਿੱਤੀ, ਜਿਸ ਤੋਂ ਬਾਅਦ ਦੋਹਾਂ ਨੇ ਇੰਸ਼ੋਰੈਂਸ ਕਲੇਮ ਹਾਸਲ ਕਰਨ ਲਈ ਕਾਰ ਹਾਦਸੇ ਦਾ ਨਾਟਕ ਰਚਿਆ।
ਘਟਨਾ ਜੂਨ 2024 ਦੀ ਦੱਸੀ ਜਾ ਰਹੀ ਹੈ। ਵਾਂਗ ਅਤੇ ਉਸ ਦੀ ਗਰਲਫ੍ਰੈਂਡ ਲਾਨ ਪਾਨਝਿਹੁਆ ਸ਼ਹਿਰ ਵਿੱਚ ਰਹਿੰਦੇ ਸਨ ਅਤੇ ਲੰਬੇ ਸਮੇਂ ਤੋਂ ਰਿਸ਼ਤੇ ਵਿੱਚ ਸਨ। ਰਿਪੋਰਟ ਅਨੁਸਾਰ, ਇੱਕ ਰਿਸ਼ਤੇਦਾਰ ਦੇ ਘਰ ਦੇ ਬਾਹਰ ਖੇਡਦੇ ਸਮੇਂ ਵਾਂਗ ਨੇ ਲਾਨ ਦੀ ਪਿੱਠ ‘ਤੇ ਛਾਲ ਮਾਰੀ, ਜਿਸ ਨਾਲ ਅਚਾਨਕ ਪਏ ਦਬਾਅ ਕਾਰਨ ਉਸ ਦੀ ਛਾਤੀ ਦੀ ਹੱਡੀ ਫਰੈਕਚਰ ਹੋ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਗੰਭੀਰ ਸੱਟ ਲੱਗਣ ਦੇ ਬਾਵਜੂਦ ਦੋਹਾਂ ਨੇ ਤੁਰੰਤ ਡਾਕਟਰੀ ਮਦਦ ਨਹੀਂ ਲਈ।
ਬਾਅਦ ਵਿੱਚ ਇਲਾਜ ਦੇ ਵਧਦੇ ਖਰਚੇ ਨੂੰ ਦੇਖਦੇ ਹੋਏ ਦੋਹਾਂ ਨੇ ਇੰਸ਼ੋਰੈਂਸ ਕਲੇਮ ਕਰਨ ਦੀ ਯੋਜਨਾ ਬਣਾਈ। ਦੋਸ਼ ਹੈ ਕਿ ਲਗਭਗ ਇੱਕ ਘੰਟੇ ਬਾਅਦ ਵਾਂਗ ਲਾਨ ਨੂੰ ਇਕ ਸੁਨਸਾਨ ਚੌਰਾਹੇ ‘ਤੇ ਲੈ ਗਿਆ ਅਤੇ ਅਜਿਹਾ ਦਿਖਾਇਆ ਗਿਆ ਜਿਵੇਂ ਕਾਰ ਨਾਲ ਹਾਦਸਾ ਹੋਇਆ ਹੋਵੇ। ਪੁਲਿਸ ਮੁਤਾਬਕ, ਲਾਨ ਨੂੰ ਕਾਰ ਦੇ ਪਿਛਲੇ ਹਿੱਸੇ ਕੋਲ ਲਿਟਾ ਕੇ ਝੂਠੀ ਦੁਰਘਟਨਾ ਦਰਸਾਈ ਗਈ।
ਘਟਨਾ ਦੀ ਰਿਪੋਰਟ ਦੌਰਾਨ ਦੋਹਾਂ ਨੇ ਆਪਣੇ ਰਿਸ਼ਤੇ ਦੀ ਜਾਣਕਾਰੀ ਛੁਪਾਈ। ਲਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਵਾਂਗ ਨੇ ਵਿੱਤੀ ਤੰਗੀ ਦਾ ਹਵਾਲਾ ਦੇ ਕੇ ਇੰਸ਼ੋਰੈਂਸ ਕੰਪਨੀ ਤੋਂ ਇਲਾਜ ਲਈ ਅਗਾਊਂ ਰਕਮ ਵੀ ਲੈ ਲਈ। ਡਿਸਚਾਰਜ ਤੋਂ ਬਾਅਦ ਲਾਨ ਨੇ ਕਰੀਬ 2 ਲੱਖ ਯੂਆਨ (ਲਗਭਗ 28 ਹਜ਼ਾਰ ਡਾਲਰ) ਦਾ ਇੰਸ਼ੋਰੈਂਸ ਕਲੇਮ ਦਾਇਰ ਕੀਤਾ।
ਹਾਲਾਂਕਿ, ਇੰਸ਼ੋਰੈਂਸ ਕੰਪਨੀ ਨੂੰ ਕਈ ਗੜਬੜੀਆਂ ਨਜ਼ਰ ਆਈਆਂ। ਜਾਂਚ ਦੌਰਾਨ ਪਤਾ ਲੱਗਾ ਕਿ ਕਾਰ ‘ਤੇ ਟੱਕਰ ਦੇ ਕੋਈ ਨਿਸ਼ਾਨ ਨਹੀਂ ਸਨ ਅਤੇ ਦੁਰਘਟਨਾ ਵਾਲੀ ਜਗ੍ਹਾ ਵੀ ਸ਼ੱਕੀ ਸੀ। ਮੌਕੇ ਦੀਆਂ ਤਸਵੀਰਾਂ ਵਿੱਚ ਲਾਨ ਦੀ ਹਾਲਤ ਨੂੰ ਅਧਿਕਾਰੀਆਂ ਨੇ “ਗੈਰ-ਕੁਦਰਤੀ” ਕਰਾਰ ਦਿੱਤਾ।
ਪੁਲਿਸ ਜਾਂਚ ਤੋਂ ਬਾਅਦ ਇਹ ਨਤੀਜਾ ਕੱਢਿਆ ਗਿਆ ਕਿ ਇਹ ਦੁਰਘਟਨਾ ਜਾਣਬੁੱਝ ਕੇ ਰਚੀ ਗਈ ਸੀ। ਵਾਂਗ ਅਤੇ ਲਾਨ ਦੋਹਾਂ ਨੂੰ ਇੰਸ਼ੋਰੈਂਸ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ ਸਾਬਤ ਹੋਣ ‘ਤੇ ਉਨ੍ਹਾਂ ਨੂੰ 10 ਸਾਲ ਤੱਕ ਕੈਦ ਅਤੇ 2 ਲੱਖ ਯੂਆਨ ਤੱਕ ਜੁਰਮਾਨਾ ਹੋ ਸਕਦਾ ਹੈ।














