ਸਿਹਤ ਸੰਸਥਾਵਾਂ ‘ਚ ਬਾਲ ਕੈਂਸਰ ਦਿਵਸ

18

ਬਰਨਾਲਾ, 17 ਫਰਵਰੀ 2026 AJ DI Awaaj

Punjab Desk :  ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਚ “ਕੌਮਾਂਤਰੀ ਬਾਲ ਕੈਂਸਰ ਦਿਵਸ” ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਇੰਦੂ ਬਾਂਸਲ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਜ਼ਿਆਆਦਾਤਰ ਵੱਡਿਆਂ ‘ਚ ਪਾਈ ਜਾਣ ਵਾਲੀ ਬਿਮਾਰੀ ਸੀ, ਪ੍ਰੰਤੂ ਅੱਜਕੱਲ੍ਹ ਛੋਟੇ ਬੱਚਿਆਂ ਵਿਚ ਵੀ ਇਸ ਬਿਮਾਰੀ ਦੇ ਮਾਮਲੇ ਵਧ ਰਹੇ ਹਨ। ਇਹ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਬਚਪਨ ਦਾ ਕੈਂਸਰ ਇਲਾਜਯੋਗ ਹੈ, ਜੇਕਰ ਮੁਢਲੀ ਸਟੇਜ ‘ਤੇ ਇਸਦੀ ਪਹਿਚਾਣ ਹੋ ਜਾਵੇ ਅਤੇ ਮਰੀਜ਼ ਨੂੰ ਸਹੀ ਸਮੇਂ ‘ਤੇ ਇਸ ਦਾ ਸਹੀ ਇਲਾਜ ਮਿਲ ਜਾਵੇ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸੁਚੇਤ ਹੋਣ ਦੀ ਜ਼ਰੂਰਤ ਹੈ।
ਉਨ੍ਹਾਂ ਦੱਸਿਆ ਕਿ ਕੌਮਾਂਤਰੀ ਬਾਲ ਕੈਂਸਰ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਿੰਮਤ,ਉਮੀਦ ਅਤੇ ਸਹਾਰੇ ਨਾਲ ਇਸ ਬਿਮਾਰੀ ‘ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਕੈਂਸਰ ਨਾਲ ਲੜ੍ਹ ਰਹੇ ਅਤੇ ਠੀਕ ਹੋ ਰਹੇ ਬੱਚਿਆਂ ਲਈ ਹੌਂਸਲਾ ਅਤੇ ਪਰਿਵਾਰ ਲਈ ਸਹਾਰਾ ਬਣ ਕੇ ਉੁਨ੍ਹਾਂ ਦੀ ਤੰਦਰੁਸਤੀ ਲਈ ਸਮੇਂ-ਸਮੇਂ ‘ਤੇ ਉਪਰਾਲੇ ਕਰਨ ਦੀ ਜ਼ਰੂਰਤ ਹੈ। ਇਸ ਬਿਮਾਰੀ ਤੋਂ ਬਚਾਅ ਲਈ ਬਾਜ਼ਾਰ ਦੇ ਬੇਮੌਸਮੀ ਫ਼ਲ ਸਬਜ਼ੀਆਂ, ਤਲ੍ਹੇ-ਮਸਾਲੇਦਾਰ ਭੋਜਨ ਅਤੇ ਤੰਬਾਕੂ ਉਤਪਾਦਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸੰਤੁਲਿਤ ਭੋਜਨ ‘ਚ ਰੋਜ਼ਾਨਾ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਮੌਸਮ ਅਨੁਸਾਰ ਫ਼ਲ,ਸਬਜ਼ੀਆਂ, ਅਨਾਜ ਅਤੇ ਦਾਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਸੀਂ ਸਾਰੇ ਇਸ ਬਿਮਾਰੀ ਪ੍ਰਤੀ ਜਾਗਰੂਕ ਹੋ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਹਰਜੀਤ ਸਿੰਘ ਨੇ ਦੱਸਿਆ ਕਿ ਸਰੀਰ ਦੇ ਕਿਸੇ ਹਿੱਸੇ ‘ਚ ਗਿਲਟੀ,ਆਵਾਜ਼ ਦਾ ਭਾਰੀਪਣ, ਨਾ ਠੀਕ ਹੋਣ ਵਾਲੇ ਮੂੰਹ ਦੇ ਛਾਲੇ ਆਦਿ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।