ਬਾਲ ਸੁਰੱਖਿਆ ਯੁਨਿਟ ਵੱਲੋਂ ਬਾਲ ਤੇ ਕਿਸ਼ੋਰ ਮਜਦੂਰੀ ਖਾਤਮਾ ਸਪਤਾਹ ਤਹਿਤ ਅਕਾਲਸਰ ਰੋਡ ਤੇ ਕੈਂਪ ਮਾਰਕਿਟ ਵਿੱਚ ਚੈਕਿੰਗ

21

ਮੋਗਾ, 19 ਜੂਨ 2025 Aj DI Awaaj

Punjab Desk : ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ “ਦੀ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ) ਐਕਟ 2016”  ਅਧੀਨ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ ਸੁਚੱਜੀ ਦੇਖ ਰੇਖ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਦੇ ਹੁਕਮਾਂ ਉੱਤੇ ਜ਼ਿਲ੍ਹਾ ਮੋਗਾ ਵਿੱਚੋਂ ਬਾਲ ਅਤੇ ਕਿਸ਼ੋਰ ਮਜ਼ਦੂਰੀ ਖਤਮ ਕਰਨ ਲਈ ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਸਪਤਾਹ ਤਹਿਤ ਬਾਲ ਸੁਰੱਖਿਆ ਯੁਨਿਟ ਵੱਲੋਂ ਮੋਗਾ ਦੇ ਅਕਾਲਸਰ ਰੋਡ ਅਤੇ ਕੈਂਪ ਮਾਰਕਿਟ ਵਿੱਚ ਚੈਕਿੰਗ ਤੇ ਜਾਗਰੂਕਤਾ ਮੁਹਿੰਮ ਚਲਾਈ ਗਈ।

ਸਹਾਇਕ ਲੇਬਰ ਕਮਿਸ਼ਨਰ ਸ਼੍ਰੀ ਵਿਕਾਸ ਕੁਮਾਰ ਨੇ ਦੱਸਿਆ ਕਿ ਜੇਕਰ ਕਿਸੇ ਵੀ ਦੁਕਾਨਦਾਰ, ਫੈਕਟਰੀ ਜਾਂ ਹੋਰ ਫਰਮ ਕੋਲ ਕੋਈ ਵੀ ਬਾਲ ਜਾਂ ਕਿਸ਼ੋਰ ਕੰਮ ਲਈ ਆਉਂਦਾ ਹੈ, ਤਾਂ ਪ੍ਰਬੰਧਕਾਂ ਵੱਲੋਂ ਉਸਨੂੰ ਕੰਮ ਤੇ ਰੱਖਣ ਦੀ ਬਜਾਇ ਪੜ੍ਹਾਈ ਲਈ ਪ੍ਰੇਰਿਤ ਕੀਤਾ ਜਾਵੇ।  ਉਹਨਾਂ ਕਿਹਾ ਕਿ ਇਸ ਸਪਤਾਹ ਦੌਰਾਨ ਕਾਰੋਬਾਰੀ ਅਦਾਰਿਆਂ ਅਤੇ ਸੰਸਥਾਵਾਂ, ਜਿੱਥੇ ਕਿ ਬਾਲ ਅਤੇ ਕਿਸ਼ੋਰ ਮਜ਼ਦੂਰੀ ਕਰਵਾਈ ਜਾਂਦੀ ਹੈ, ਉੱਤੇ ਅਚਾਨਕ ਛਾਪੇ ਮਾਰੇ ਜਾ ਰਹੇ ਹਨ। ਲੱਭੇ ਗਏ ਬਾਲ ਅਤੇ ਕਿਸ਼ੋਰ ਮਜ਼ਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਖ਼ਿਲਾਫ਼ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ) ਐਕਟ 1986 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਉਹਨਾਂ ਸਮੂਹ ਕਾਰੋਬਾਰੀਆਂ, ਸੰਸਥਾਵਾਂ ਆਦਿ ਨੂੰ ਦੱਸਿਆ ਕਿ ਬਾਲ ਮਜਦੂਰੀ ਕਾਨੂੰਨੀ ਅਪਰਾਧ ਹੈ ਇਸਤੋਂ ਦੂਰ ਰਿਹਾ ਜਾਵੇ ਇਸ ਅਪਰਾਧ ਲਈ ਜੁਰਮਾਨਾ ਅਤੇ ਸਜਾ ਦੋਨੋਂ ਹੋ ਸਕਦੇ ਹਨ।   ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਵੱਲੋਂ ਪੁਲਿਸ, ਸਮੂਹ ਐਸ ਡੀ ਐਮਜ, ਸਿਵਲ ਸਰਜਨ, ਸਹਾਇਕ ਡਾਇਰੈਕਟਰ ਫੈਕਟਰੀ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਕਿਰਤ ਵਿਭਾਗ ਨੂੰ ਇਸ ਐਕਟ ਤਹਿਤ ਜਰੂਰੀ ਕਦਮ ਚੁੱਕਣ ਲਈ ਅਤੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।