ਬਾਲ ਭਿੱਖਿਆ / ਰੈਗ ਪਿਕਿੰਗ ਖਿਲਾਫ ਚੈਕਿੰਗ ਦੀ ਮੁਹਿੰਮ ਜਾਰੀ

35

ਫ਼ਰੀਦਕੋਟ, 24 ਮਾਰਚ 2025 Aj Di Awaaj

ਦਫਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਫਰੀਦਕੋਟ

ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਫਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਯੋਗ ਅਗਵਾਈ ਹੇਠ ਬੱਚਿਆਂ ਦੇ ਭੀਖ ਮੰਗਣ ਦੀ ਵੱਧ ਰਹੀ ਤਾਦਾਤ ਨੂੰ ਰੋਕਣ ਲਈ  ਪ੍ਰੋਜੈਕਟ ਜੀਵਨਜੋਤ-ਸੇਵ ਦ ਚਾਈਲਡਹੁੱਟ ਮੁਹਿੰਮ ਦੇ ਤਹਿਤ ਬੀਤੇ ਦਿਨੀ ਪ੍ਰੋਟੈਕਸ਼ਨ ਅਫਸਰ.ਐਨ.ਆਈ.ਸੀ ਸੁਮਨਦੀਪ ਸਿੰਘ, ਵੱਲੋਂ  ਜਿਲ੍ਹਾ ਟਾਸਕ ਫੋਰਸ ਦੇ ਸਹਿਯੋਗ ਨਾਲ ਕੋਟਕਪੂਰਾ ਵਿਖੇ ਵੱਖ -ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ।

 ਇਸ ਦੌਰਾਨ ਪ੍ਰੋਟੈਕਸ਼ਨ ਅਫਸਰ.ਐਨ.ਆਈ.ਸੀ ਵੱਲੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ ਕਿ ਭੀਖ ਮੰਗਣਾ ਅਤੇ ਬੱਚਿਆਂ ਤੋਂ ਭਿੱਖਿਆ ਕਰਵਾਉਣਾ ਕਾਨੂੰਨੀ ਜੁਰਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਣਾ ਚਾਹੀਦਾ ਹੈ ਤਾਂ ਜੋ ਪੜ੍ਹ-ਲਿਖ ਕੇ ਆਪਣੇ ਪੈਰਾ ਤੇ ਖੜੇ ਹੋ ਸਕਣ ਅਤੇ ਭਵਿੱਖ ਨੂੰ ਸਵਾਰਿਆ ਜਾ ਸਕੇ।ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਬਾਲ ਭਿੱਖਿਆ /ਰੈਗ ਪਿਕਿੰਗ ਕਰਵਾਉਂਣ ਵਾਲੇ ਵਿਅਕਤੀ ਖਿਲਾਫ ਜੁਵੇਨਾਇਲ ਜਸਟਿਸ ਐਕਟ ਦੇ ਸੈਕਸ਼ਨ 76 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੇਕਰ ਕਿਸੇ ਨੂੰ ਕਿਤੇ ਵੀ ਬਾਲ ਭਿੱਖਿਆ/ ਰੈਗ ਪਿਕਿੰਗ ਕਰਦਾ ਕੋਈ ਬੱਚਾ ਦਿਖਾਈ ਦਿੰਦਾ ਹੈ ਤਾਂ ਤੁਰੰਤ ਟੋਲ ਫਰੀ ਨੰਬਰ 1098 ਤੇ ਫੋਨ ਕਰਕੇ ਉਸ ਦੀ ਸੂਚਨਾਂ ਦੇ ਸਕਦੇ ਹਨ। ਇਸ ਵਿੱਚ ਜਾਣਕਾਰੀ ਦੇਣ ਵਾਲੇ ਦਾ ਨਾਮ ਤੇ ਨੰਬਰ ਗੁਪਤ ਰੱਖਿਆ ਜਾਵੇਗਾ।

ਇਸ ਮੌਕੇ ਪੁਲਿਸ ਵਿਭਾਗ ਵੱਲੋਂ ਮੋਹਨ ਲਾਲ ਏ.ਐਸ.ਆਈ ਅਤੇ ਸਾਥੀ,ਸਿੱਖਿਆ ਵਿਭਾਗ ਵੱਲੋਂ ਗੁਰਵਿੰਦਰ ਸਿੰਘ, ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਮਾਲਤੀ ਜੈਨ ਅਤੇ ਪ੍ਰਿਆ ਸੇਠੀ ਹਾਜ਼ਰ ਸਨ।