ਕੇਂਦਰੀ ਟੀਮ ਨੇ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਸਮੀਖਿਆ

33

ਫ਼ਰੀਦਕੋਟ, 31 ਅਕਤੂਬਰ 2025 AJ DI Awaaj

Punjab Desk : ਜਲ ਸ਼ਕਤੀ ਅਭਿਆਨ ਤਹਿਤ ਕੇਂਦਰੀ ਟੀਮ ਨੇ ਅੱਜ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਸਮੇਤ ਜਿਲ੍ਹੇ ਦੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਜਲ ਜੀਵਨ ਮਿਸ਼ਨ ਅਤੇ ਜਲ ਸ਼ਕਤੀ ਮਿਸ਼ਨ ਤਹਿਤ ਜ਼ਿਲ੍ਹੇ ਵਿੱਚ ਹੋ ਰਹੇ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਮੌਕੇ ਕੇਂਦਰੀ ਟੀਮ ਦੇ ਮੈਂਬਰ ਸ਼੍ਰੀ ਰੋਹਨ ਚੰਦ ਠਾਕੁਰ ਅਤੇ ਸ਼੍ਰੀ ਵਿਜੇ ਸਿੰਘ ਮੀਨਾ ਵੱਲੋਂ ਢਿੱਲਵਾਂ ਕਲਾਂ ਪਿੰਡ ਵਿੱਚ ਹੋਏ ਵਿਕਾਸ ਕਾਰਜਾਂ ‘ਤੇ ਸੰਤੁਸ਼ਟੀ ਪ੍ਰਗਟਾਈ ਗਈ।

ਟੀਮ ਵੱਲੋਂ ਕਿਹਾ ਗਿਆ ਕਿ ਜ਼ਿਲ੍ਹੇ ਦੇ ਹੋਰ ਪਿੰਡਾਂ ਵਿੱਚ ਵੀ ਵਾਟਰ ਵਰਕਸ ਬਣਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ, ਤਾਂ ਜੋ ਪੇਂਡੂ ਖੇਤਰਾਂ ਵਿੱਚ ਸਾਫ਼ ਪੀਣ ਵਾਲਾ ਪਾਣੀ ਨਿਰੰਤਰ ਉਪਲਬਧ ਰਹੇ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਲੋਕਾਂ ਨੂੰ ਬਾਰਿਸ਼ ਵਾਲੇ ਪਾਣੀ ਨੂੰ ਇਕੱਠਾ ਕਰਕੇ ਵਰਤਣ ਤੇ ਜ਼ਮੀਨ ਵਿੱਚ ਰੀਚਾਰਜ ਕਰਨ ਲਈ ਜਾਗਰੂਕ ਕੀਤਾ ਜਾਵੇ, ਤਾਂ ਜੋ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਨਾ ਜਾ ਸਕੇ।

ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਟੀਮ ਨੂੰ ਵਿਸ਼ਵਾਸ ਦਵਾਇਆ ਕਿ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਜਲ ਜੀਵਨ ਮਿਸ਼ਨ ਤਹਿਤ ਸਾਫ਼ ਪੀਣ ਵਾਲਾ ਪਾਣੀ ਨਿਰੰਤਰ ਮਿਲਦਾ ਰਹੇਗਾ ਅਤੇ ਲੋਕਾਂ ਨੂੰ ਜਲ ਸੰਭਾਲ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਰਿਸ਼ ਦੇ ਪਾਣੀ ਦੀ ਸੰਭਾਲ ਤੇ ਰੀਚਾਰਜ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਵਿਭਾਗੀ ਤੌਰ ‘ਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਮਲਹੋਤਰਾ, ਜਲ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ਼ਮਿੰਦਰ ਸਿੰਘ, ਐਸ.ਡੀ.ਓ ਗੁਰਜੀਤ ਸਿੰਘ, ਜਲ ਸ਼ਕਤੀ ਅਭਿਆਨ ਦੇ ਨੋਡਲ ਅਧਿਕਾਰੀ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।