ਦਿੱਲੀ 22 Dec 2025 AJ DI Awaaj
National Desk : CBI ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਅਧਿਕਾਰੀਆਂ ਨੂੰ ਉਸ ਵੇਲੇ ਹੈਰਾਨੀ ਹੋਈ, ਜਦੋਂ ਇੱਕ ਬੰਦ ਕਮਰੇ ਵਿੱਚ ਕਰੰਸੀ ਨੋਟਾਂ ਦੇ ਢੇਰ ਮਿਲੇ। ਅਲਮਾਰੀਆਂ ਖੋਲ੍ਹਣ ’ਤੇ ਕੱਪੜਿਆਂ ਨਾਲੋਂ ਵੱਧ ਗੁਲਾਬੀ ਨੋਟਾਂ ਦੇ ਬੰਡਲ ਨਜ਼ਰ ਆਏ। ਨਕਦੀ ਦੀ ਗਿਣਤੀ ਕਰਦਿਆਂ CBI ਟੀਮ ਥੱਕ ਗਈ, ਪਰ ਨੋਟਾਂ ਦਾ ਸਿਲਸਿਲਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ।
CBI ਨੇ ਰੱਖਿਆ ਮੰਤਰਾਲੇ ਦੇ ਰੱਖਿਆ ਉਤਪਾਦਨ ਵਿਭਾਗ ਵਿੱਚ ਤਾਇਨਾਤ ਡਿਪਟੀ ਪਲਾਨਿੰਗ ਅਫਸਰ ਲੈਫਟੀਨੈਂਟ ਕਰਨਲ ਦੀਪਕ ਕੁਮਾਰ ਸ਼ਰਮਾ ਦੇ ਦਿੱਲੀ ਸਥਿਤ ਘਰੋਂ ਕਰੀਬ 2.23 ਕਰੋੜ ਰੁਪਏ ਨਕਦ ਬਰਾਮਦ ਕੀਤੇ। ਇਸ ਤੋਂ ਇਲਾਵਾ, ਰਾਜਸਥਾਨ ਦੇ ਸ਼੍ਰੀਗੰਗਾਨਗਰ ਤੋਂ 10 ਲੱਖ ਰੁਪਏ ਨਕਦ ਅਤੇ ਕਈ ਸ਼ੱਕੀ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ।
ਇਸ ਮਾਮਲੇ ਵਿੱਚ ਹੈਰਾਨੀਜਨਕ ਤੱਥ ਇਹ ਹੈ ਕਿ ਲੈਫਟੀਨੈਂਟ ਕਰਨਲ ਦੀਪਕ ਸ਼ਰਮਾ ਦੀ ਪਤਨੀ ਕਰਨਲ ਕਾਜਲ ਬਾਲੀ, ਜੋ ਸ਼੍ਰੀਗੰਗਾਨਗਰ ਵਿੱਚ ਕਮਾਂਡਿੰਗ ਅਫਸਰ (ਸੀਓ) ਦੇ ਪਦ ’ਤੇ ਤਾਇਨਾਤ ਹੈ, ਦਾ ਨਾਮ ਵੀ FIR ਵਿੱਚ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਇਹ ਰਿਸ਼ਵਤਖੋਰੀ ਨੈੱਟਵਰਕ ਦੁਬਈ ਸਥਿਤ ਇੱਕ ਕੰਪਨੀ ਨਾਲ ਜੁੜਿਆ ਹੋਇਆ ਸੀ।
CBI ਨੇ ਲੈਫਟੀਨੈਂਟ ਕਰਨਲ ਦੀਪਕ ਕੁਮਾਰ ਸ਼ਰਮਾ ਅਤੇ ਰਿਸ਼ਵਤ ਦੇਣ ਵਾਲੇ ਵਿਨੋਦ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਦੋਵਾਂ ਨੂੰ 23 ਦਸੰਬਰ 2025 ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਾਂਚ ਏਜੰਸੀਆਂ ਹੁਣ ਇਸ ਗੱਲ ਦੀ ਪੜਤਾਲ ਕਰ ਰਹੀਆਂ ਹਨ ਕਿ ਕੀ ਰਿਸ਼ਵਤ ਦੇ ਬਦਲੇ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਕੋਈ ਸੰਵੇਦਨਸ਼ੀਲ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ।














