ਚੰਡੀਗੜ੍ਹ, 2 ਜਨਵਰੀ 2026 Aj Di Awaaj
Punjab Desk: ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ 15 ਜਨਵਰੀ 2026 ਤੋਂ ਰਾਜ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਕੈਸ਼ਲੈੱਸ ਇਲਾਜ ਮੁਹੱਈਆ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਇਸ ਯੋਜਨਾ ਦਾ ਸ਼ੁਭਾਰੰਭ ਕਰਨਗੇ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਯੋਜਨਾ ਪੰਜਾਬ ਦੇ ਕਰੀਬ 3 ਕਰੋੜ ਵਸਨੀਕਾਂ ਨੂੰ ਲਾਭ ਦੇਵੇਗੀ ਅਤੇ ਦੇਸ਼ ਦਾ ਪਹਿਲਾ ਵਿਸ਼ਾਲ ਸਕੇਲ ਵਾਲਾ ਸਿਹਤ ਪ੍ਰੋਗਰਾਮ ਬਣੇਗੀ।
ਸਰਕਾਰ ਨੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਨਾਲ MoU ’ਤੇ ਹਸਤਾਖਰ ਕੀਤੇ ਹਨ। ਇਸ ਯੋਜਨਾ ਤਹਿਤ ਪੰਜਾਬ ਦੇ ਸਾਰੇ ਸਰਕਾਰੀ ਅਤੇ 800 ਤੋਂ ਵੱਧ ਨਿੱਜੀ ਹਸਪਤਾਲਾਂ ’ਚ 2,000 ਤੋਂ ਵੱਧ ਬਿਮਾਰੀਆਂ, ਸਰਜਰੀਆਂ ਅਤੇ ਇਲਾਜ ਪ੍ਰਕਿਰਿਆਵਾਂ ਦਾ ਮੁਫ਼ਤ ਕੈਸ਼ਲੈੱਸ ਇਲਾਜ ਮਿਲੇਗਾ। ਪਹਿਲਾਂ ਸਰਬੱਤ ਸਿਹਤ ਬੀਮਾ ਯੋਜਨਾ ਵਿੱਚ ਪ੍ਰਤੀ ਪਰਿਵਾਰ 5 ਲੱਖ ਰੁਪਏ ਦੀ ਸੀਮਾ ਸੀ, ਹੁਣ ਇਸ ਨੂੰ ਦੁੱਗਣਾ ਕਰਕੇ 10 ਲੱਖ ਰੁਪਏ ਕੀਤਾ ਗਿਆ ਹੈ। ਕੋਈ ਆਮਦਨੀ ਜਾਂ ਵਰਗ ਦੀ ਪਾਬੰਦੀ ਨਹੀਂ ਹੈ, ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰ ਵੀ ਇਸਦਾ ਲਾਭ ਲੈ ਸਕਣਗੇ।
ਭੁਗਤਾਨ ਦੀ ਪ੍ਰਕਿਰਿਆ ਵੀ ਸਰਲ ਹੈ – 1 ਲੱਖ ਰੁਪਏ ਤੱਕ ਦਾ ਖਰਚਾ ਬੀਮਾ ਕੰਪਨੀ ਵੱਲੋਂ ਕਵਰ ਕੀਤਾ ਜਾਵੇਗਾ ਅਤੇ ਬਾਕੀ 9 ਲੱਖ ਰੁਪਏ ਦੀ ਜ਼ਿੰਮੇਵਾਰੀ ਸਟੇਟ ਹੈਲਥ ਏਜੰਸੀ ਦੀ ਹੋਵੇਗੀ। ਹਸਪਤਾਲਾਂ ਨੂੰ ਭੁਗਤਾਨ 15 ਦਿਨਾਂ ਤੋਂ 1 ਮਹੀਨੇ ਦੇ ਅੰਦਰ ਮਿਲ ਜਾਵੇਗਾ। ਇਸ ਯੋਜਨਾ ਵਿੱਚ ਚੰਡੀਗੜ੍ਹ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਕਾਰਡ ਬਣਾਉਣ ਲਈ ਸੂਬੇ ਭਰ ਵਿੱਚ 9,000 ਕੈਂਪ ਲਗਾਏ ਜਾਣਗੇ। ਰਜਿਸਟ੍ਰੇਸ਼ਨ ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸਦਾ ਪਾਇਲਟ ਪ੍ਰੋਜੈਕਟ ਤਰਨਤਾਰਨ ਅਤੇ ਬਰਨਾਲਾ ’ਚ ਸਫ਼ਲ ਰਿਹਾ। ਲਾਭ ਲਈ ਆਧਾਰ ਕਾਰਡ ਜਾਂ ਵੋਟਰ ਆਈਡੀ ਰਾਹੀਂ ਹੈਲਥ ਕਾਰਡ ਬਣਵਾਉਣਾ ਹੋਵੇਗਾ। ਕਾਰਡ ਬਣਨ ਵਿੱਚ ਲਗਭਗ 15 ਦਿਨ ਲੱਗਣਗੇ ਅਤੇ ਅਗਲੇ 3-4 ਮਹੀਨਿਆਂ ਵਿੱਚ ਪੂਰੇ ਪੰਜਾਬ ਵਿੱਚ ਰਜਿਸਟ੍ਰੇਸ਼ਨ ਮੁਕੰਮਲ ਹੋ ਜਾਵੇਗਾ।
ਇਸ ਸਕੀਮ ਵਿੱਚ ਕੈਂਸਰ, ਕਿਡਨੀ ਟ੍ਰਾਂਸਪਲਾਂਟ, ਆਈ.ਸੀ.ਯੂ ਅਤੇ ਹਾਦਸੇ ਦੀ ਸਰਜਰੀ ਵੀ ਸ਼ਾਮਲ ਹੈ। ਇਲਾਜ ਦਾ ਪੂਰਾ ਖਰਚਾ ਸਰਕਾਰ ਚੁੱਕੇਗੀ, ਜਿਸ ਨਾਲ ਲੋਕਾਂ ਨੂੰ ਆਪਣੀ ਜਾਇਦਾਦ ਵੇਚ ਕੇ ਇਲਾਜ ਕਰਵਾਉਣ ਦੀ ਜ਼ਰੂਰਤ ਨਹੀਂ ਰਹੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸਨੂੰ ਨਵੇਂ ਸਾਲ ਦਾ ਤੋਹਫ਼ਾ ਕਿਹਾ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਨੂੰ ਇਸ ਯੋਜਨਾ ਲਈ 105 ਕਰੋੜ ਰੁਪਏ ਰੱਖੇ ਗਏ ਸਨ ਅਤੇ ਸਰਬੱਤ ਸਿਹਤ ਯੋਜਨਾ ਤਹਿਤ ਕੇਂਦਰ ਨੇ ਕੇਂਦਰ ਨੂੰ 350 ਕਰੋੜ ਰੁਪਏ ਦਿੱਤੇ ਹਨ।
Related














