15 ਫਰਵਰੀ 2026 ਅੱਜ ਦੀ ਆਵਾਜ਼
Sports Desk: ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਕੋਲੰਬੋ ਵਿੱਚ ਖੇਡੇ ਜਾਣ ਵਾਲੇ ਹਾਈ-ਵੋਲਟੇਜ ਮੁਕਾਬਲੇ ਤੋਂ ਪਹਿਲਾਂ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਟੀ-20 ਵਿਸ਼ਵ ਕੱਪ 2026 ਵਿੱਚ ਦੋਵੇਂ ਟੀਮਾਂ ਨੌਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ, ਜਿਸ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਦਰਮਿਆਨ ਸਭ ਦੀਆਂ ਨਜ਼ਰਾਂ ਟਾਸ ਦੌਰਾਨ ਕਪਤਾਨਾਂ ਦੇ ਹੈਂਡਸ਼ੇਕ ‘ਤੇ ਟਿਕੀਆਂ ਸਨ, ਪਰ ਹੁਣ ਸਾਫ਼ ਹੋ ਗਿਆ ਹੈ ਕਿ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨਾਲ ਹੱਥ ਨਹੀਂ ਮਿਲਾਉਣਗੇ।
ਏਸ਼ੀਆ ਕੱਪ 2025 ਤੋਂ ਜਾਰੀ ‘ਨੋ-ਹੈਂਡਸ਼ੇਕ’ ਪ੍ਰੋਟੋਕੋਲ
ਯਾਦ ਰਹੇ ਕਿ ਏਸ਼ੀਆ ਕੱਪ 2025 ਦੌਰਾਨ ਹੈਂਡਸ਼ੇਕ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਸੀ। ਪਹਿਲਗਾਮ ਆਤੰਕੀ ਹਮਲੇ ਤੋਂ ਬਾਅਦ ਭਾਰਤੀ ਖਿਡਾਰੀਆਂ ਨੂੰ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਉਸ ਟੂਰਨਾਮੈਂਟ ਵਿੱਚ ਭਾਰਤ-ਪਾਕਿਸਤਾਨ ਤਿੰਨ ਵਾਰ ਭਿੜੇ ਅਤੇ ਹਰ ਵਾਰ ਭਾਰਤੀ ਟੀਮ ਨੇ ‘ਨੋ-ਹੈਂਡਸ਼ੇਕ’ ਪ੍ਰੋਟੋਕੋਲ ਦੀ ਪਾਲਣਾ ਕੀਤੀ। ਬਾਅਦ ਵਿੱਚ ਇਹੀ ਰਵਾਇਆ ਸੀਨੀਅਰ ਦੇ ਨਾਲ-ਨਾਲ ਜੂਨੀਅਰ ਟੀਮ ਵੱਲੋਂ ਵੀ ਅਪਣਾਇਆ ਗਿਆ।
ਟੀ-20 ਵਿਸ਼ਵ ਕੱਪ 2026 ਵਿੱਚ ਵੀ ਨਹੀਂ ਹੋਵੇਗਾ ਹੈਂਡਸ਼ੇਕ
ਅੱਜ, 15 ਫਰਵਰੀ ਨੂੰ ਜਦੋਂ ਭਾਰਤ ਦੀ ਕ੍ਰਿਕਟ ਟੀਮ ਅਤੇ ਪਾਕਿਸਤਾਨ ਦੀ ਕ੍ਰਿਕਟ ਟੀਮ ਆਹਮੋ-ਸਾਹਮਣੇ ਹੋਣਗੀਆਂ, ਤਦ ਵੀ ਹੈਂਡਸ਼ੇਕ ਪ੍ਰੋਟੋਕੋਲ ਦੇਖਣ ਨੂੰ ਨਹੀਂ ਮਿਲੇਗਾ। ਭਾਵੇਂ ਅਧਿਕਾਰਤ ਤੌਰ ‘ਤੇ ਕੋਈ ਐਲਾਨ ਨਹੀਂ ਹੋਇਆ, ਪਰ ਇਹ ਜਾਣਕਾਰੀ ਦੈਨਿਕ ਜਾਗਰਣ ਦੇ ਖੇਡ ਸੰਪਾਦਕ ਅਭਿਸ਼ੇਕ ਤ੍ਰਿਪਾਠੀ ਵੱਲੋਂ ਦਿੱਤੀ ਗਈ ਹੈ।
ਕਪਤਾਨਾਂ ਨੇ ਕੀ ਕਿਹਾ?
ਮਹਾਮੁਕਾਬਲੇ ਤੋਂ ਇੱਕ ਦਿਨ ਪਹਿਲਾਂ ਹੋਈ ਪ੍ਰੈੱਸ ਕਾਨਫਰੰਸ ਵਿੱਚ ਸਲਮਾਨ ਅਲੀ ਆਗਾ ਨੇ ਕਿਹਾ ਕਿ ਇਸ ਮਾਮਲੇ ‘ਤੇ “ਅਸੀਂ ਕੱਲ੍ਹ ਦੇਖਾਂਗੇ” ਅਤੇ ਕਿਸੇ ਵੀ ਸਥਿਤੀ ਵਿੱਚ ਖੇਡ ਭਾਵਨਾ ਨੂੰ ਕਾਇਮ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ਸਹੀ ਭਾਵਨਾ ਨਾਲ ਖੇਡੀ ਜਾਣੀ ਚਾਹੀਦੀ ਹੈ ਅਤੇ ਕੀ ਕਰਨਾ ਹੈ, ਇਹ ਫੈਸਲਾ ਟੀਮ ਪ੍ਰਬੰਧਨ ‘ਤੇ ਨਿਰਭਰ ਕਰਦਾ ਹੈ।
ਦੂਜੇ ਪਾਸੇ, ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਹੱਸਦੇ ਹੋਏ ਕਿਹਾ, “ਇਸਨੂੰ ਮੈਚ ਦੇ ਸਮੇਂ ‘ਤੇ ਛੱਡ ਦਿਓ। ਤੁਸੀਂ ਚੰਗੀ ਨੀਂਦ ਲਓ, ਕੱਲ੍ਹ ਦੇਖਿਓ ਕੀ ਹੁੰਦਾ ਹੈ।”












