ਫਰੀਦਕੋਟ 9 ਅਕਤੂਬਰ 2025 Aj DI Awaaj
Punjab Desk : ਸਿਵਲ ਸਰਜਨ, ਫਰੀਦਕੋਟ ਡਾ.ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਪਰਮਜੀਤ ਸਿੰਘ ਬਰਾੜ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਫਰੀਦਕੋਟ ਦੇ ਨਵੇਂ ਬਣੇ ਜੱਚਾ-ਬੱਚਾ ਵਿਭਾਗ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਸਿਹਤ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਔਰਤ ਰੋਗਾਂ ਦੇ ਮਾਹਰ ਮੈਡੀਕਲ ਅਫਸਰ ਡਾ. ਅਮਰਿੰਦਰ ਕੌਰ ਨੇ ਗਰਭਵਤੀ ਔਰਤਾਂ ਦੀ ਸਿਹਤ ਜਾਂਚ ਕੀਤੀ।ਕੈਂਪ ਦੌਰਾਨ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ.ਪ੍ਰਭਦੀਪ ਸਿੰਘ ਚਾਵਲਾ, ਸੁਧੀਰ ਧੀਰ, ਲਖਵਿੰਦਰ ਕੈਂਥ ਅਤੇ ਆਰ.ਐਮ.ਐਨ.ਸੀ.ਐਚ ਕੌਂਸਲਰ ਲਵਲੀ ਚਾਵਲਾ ਨੇ ਹਾਜਰ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਅਭਿਆਨ ਤਹਿਤ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਸਰਕਾਰੀ ਸਿਹਤ ਕੇਂਦਰ ਵਿੱਚ ਗਰਭਵਤੀ ਔਰਤਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾਂਦੀ ਹੈ, ਉਨ੍ਹਾਂ ਕੇਅਰ ਕੰਪੈਂਨੀਅਨ ਪ੍ਰੋਗਰਾਮ ਬਾਰੇ ਵਿਸਥਾਰ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਗਰਭ ਅਵੱਸਥਾ ਦੌਰਾਨ ਖਤਰੇ ਦੇ ਚਿੰਨ੍ਹਾਂ ਅਤੇ ਨਿਯਮਿਤ ਜਾਂਚ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਜੱਚਾ-ਬੱਚਾ ਦੀ ਸੁਰੱਖਿਆ ਲਈ ਜਣੇਪਾ ਹਮੇਸ਼ਾ ਸਰਕਾਰੀ ਹਸਪਤਾਲ ਵਿੱਚ ਹੀ ਕਰਵਾਉਣਾ ਚਾਹੀਦਾ ਹੈ ਤਾਂ ਜੋ ਜੱਚਾ-ਬੱਚਾ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਹਰ ਬੁੱਧਵਾਰ ਮਨਾਏ ਜਾਂਦੇ ਵਿਸ਼ੇਸ਼ ਮਮਤਾ ਦਿਵਸ ਅਤੇ ਗੈਰ-ਸੰਚਾਰੀ ਰੋਗਾਂ ਲਈ ਪਿੰਡਾਂ ਵਿੱਚ ਲਗਾਏ ਜਾ ਰਹੇ ਸਕਰੀਨਿੰਗ ਕੈਂਪਾਂ ਬਾਰੇ ਵੀ ਲੋਕਾਂ ਨੂੰ ਸੁਚੇਤ ਕੀਤਾ। ਉਨਾਂ ਦੱਸਿਆ ਕਿ ਜੱਚਾ-ਬੱਚਾ ਦੀ ਤੰਦਰੁਸਤੀ ਲਈ ਸਿਹਤ ਵਿਭਾਗ ਹਰ ਸੰਭਵ ਉਪਰਾਲੇ ਕਰ ਰਿਹਾ ਹੈ। ਇਸੇ ਤਹਿਤ ਸਿਹਤ ਕੇਂਦਰਾਂ ਤੇ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ ਤੋਂ ਸੰਸਥਾਗਤ ਜਣੇਪੇ ਦੌਰਾਨ ਨਿਯਮਿਤ ਜਾਂਚ, ਟੀਕਾਕਰਨ ਅਤੇ ਸੰਤੁਲਿਤ ਖੁਰਾਕ ਬਾਰੇ ਜਾਣਕਾਰੀ ਦੇਣ ਅਤੇ ਵਿਭਾਗ ਅਧੀਨ ਮੁਹੱਈਆ ਸਿਹਤ ਸੇਵਾਵਾਂ ਅਤੇ ਸਹੂਲਤਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਂਦੀ ਹੈ।
ਉਨਾਂ ਇਸ ਦਿਵਸ ਮੌਕੇ ਪਹੁੰਚੇ ਲੋਕਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ, ਬੱਚਿਆਂ ਦਾ ਸਹੀ ਵਾਧਾ ਤੇ ਵਿਕਾਸ, ਪਰਿਵਾਰ ਨਿਯੋਜਨ ਅਤੇ ਬੇਟੀ ਬਚਾਓ-ਬੇਟੀ ਪੜਾਓ ਸਬੰਧੀ ਵੀ ਵਿਸਥਾਰ ਜਾਣਕਾਰੀ ਸਾਂਝੀ ਕੀਤੀ।ਅੰਤ ਵਿੱਚ ਮਾਸ ਮੀਡੀਆ ਬਰਾਂਚ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਜਾਗਰੂਕਤਾ ਸਮੱਗਰੀ ਵੀ ਤਕਸੀਮ ਕੀਤੀ ਗਈ । ਇਸ ਮੌਕੇ ਸਮਾਜ ਸੇਵੀ ਮੈਡਮ ਮੰਜੂ ਸੁਖੀਜਾ, ਆਸ਼ਾ ਵਰਕਰਾਂ ਅਤੇ ਨਰਸਿੰਗ ਵਿਦਿਆਰਥੀ ਹਾਜਰ ਸਨ।
