ਹਰਿਆਣਾ 23 Dec 2025 AJ DI Awaaj
National Desk : ਪੰਜਾਬ ਅਤੇ ਹਰਿਆਣਾ ਨੂੰ ਜੋੜਨ ਵਾਲੀ ਭਾਖੜਾ ਨਹਿਰ ਉੱਤੇ ਜੋੜਾ ਮਾਜਰਾ ਨੇੜੇ ਬਣਿਆ ਪੁਲ ਟੁੱਟੇ ਹੋਏ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਰੋਜ਼ਾਨਾ ਆਵਾਜਾਈ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲ ਦੇ ਟੁੱਟਣ ਨਾਲ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਭਾਖੜਾ ਨਹਿਰ ਨੰਗਲ ਤੋਂ ਨਿਕਲ ਕੇ ਰਾਜਸਥਾਨ ਤੱਕ ਜਾਂਦੀ ਹੈ ਅਤੇ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਅਤੇ ਸਤਰਾਣਾ ਹਲਕਿਆਂ ਵਿੱਚੋਂ ਲੰਘਦੀ ਹੈ। ਇਸ ਨਹਿਰ ਦੇ ਕੰਡੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਸਮਾਣਾ ਚੇਤਨ ਸਿੰਘ ਜੋੜਾ ਮਾਜਰਾ ਦਾ ਜੱਦੀ ਪਿੰਡ ਜੋੜਾ ਮਾਜਰਾ ਵਸਿਆ ਹੋਇਆ ਹੈ। ਇੱਥੇ ਬਣਿਆ ਪੁਲ ਦੋ ਮਹੀਨੇ ਪਹਿਲਾਂ ਅਚਾਨਕ ਟੁੱਟ ਗਿਆ ਸੀ।
ਪੁਲ ਟੁੱਟਣ ਕਾਰਨ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਹੋ ਰਿਹਾ ਹੈ। ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਨਹਿਰ ਦੇ ਦੂਜੇ ਪਾਸੇ ਹੈ, ਉਨ੍ਹਾਂ ਨੂੰ ਹੁਣ 10 ਤੋਂ 15 ਕਿਲੋਮੀਟਰ ਵਾਧੂ ਫੇਰਾ ਲਗਾ ਕੇ ਖੇਤਾਂ ਤੱਕ ਪਹੁੰਚਣਾ ਪੈਂਦਾ ਹੈ। ਇਹ ਪੁਲ ਪੰਜਾਬ ਨੂੰ ਹਰਿਆਣਾ ਦੇ ਕੈਥਲ ਜ਼ਿਲ੍ਹੇ ਨਾਲ ਵੀ ਜੋੜਦਾ ਸੀ, ਜਿਸ ਕਾਰਨ ਹੁਣ ਦੋਨਾਂ ਰਾਜਾਂ ਦਰਮਿਆਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।
ਪੁਲ ਟੁੱਟਣ ਨਾਲ ਸਤਰਾਣਾ ਰਾਹੀਂ ਅੰਮ੍ਰਿਤਸਰ ਵੱਲ ਜਾਣ ਵਾਲੇ ਵਾਹਨ ਚਾਲਕਾਂ ਨੂੰ ਵਾਪਸ ਮੁੜਨਾ ਪੈ ਰਿਹਾ ਹੈ। ਸਕੂਲ ਜਾਣ ਵਾਲੇ ਬੱਚਿਆਂ ਅਤੇ ਸਕੂਲ ਬੱਸਾਂ ਨੂੰ ਵੀ ਲੰਮੇ ਰਸਤੇ ਤੈਅ ਕਰਨੇ ਪੈ ਰਹੇ ਹਨ। ਅੱਗੇ ਵੇਲੂ ਮਾਜਰਾ ਪਿੰਡ ਵੱਲ ਜਾਣ ਵਾਲਾ ਰਸਤਾ ਸਿਰਫ਼ ਦੋ ਪਹੀਆ ਵਾਹਨਾਂ ਲਈ ਹੀ ਯੋਗ ਹੋਣ ਕਾਰਨ ਵੱਡੀਆਂ ਗੱਡੀਆਂ ਨਹੀਂ ਲੰਘ ਸਕਦੀਆਂ, ਜਿਸ ਨਾਲ ਲੋਕਾਂ ਦੀ ਪਰੇਸ਼ਾਨੀ ਹੋਰ ਵੱਧ ਗਈ ਹੈ।
ਇਲਾਕਾ ਵਾਸੀਆਂ ਮੱਖਣ ਸਿੰਘ, ਨਵਦੀਪ ਸਿੰਘ, ਪਾਲਾ ਸਿੰਘ, ਦਛਪਾਲ ਸਿੰਘ, ਬਰਿੰਦਰ ਸਿੰਘ, ਕੇਵਲ ਸਿੰਘ ਅਤੇ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਪੁਲ ਟੁੱਟਣ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁਲ ਦੀ ਉਸਾਰੀ ਜਲਦੀ ਤੋਂ ਜਲਦੀ ਕਰਵਾਈ ਜਾਵੇ।
ਇਸ ਮਾਮਲੇ ’ਤੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਸਮਾਣਾ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਪੁਲ ਦੀ ਉਸਾਰੀ ਲਈ ਪ੍ਰਪੋਜ਼ਲ ਤਿਆਰ ਕਰਕੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਛੇ ਮਹੀਨੇ ਦੇ ਅੰਦਰ ਪੁਲ ਨੂੰ ਤਿਆਰ ਕਰਵਾ ਦਿੱਤਾ ਜਾਵੇਗਾ। ਹੁਣ ਦੇਖਣਾ ਇਹ ਹੈ ਕਿ ਕੀ ਵਾਕਈ ਛੇ ਮਹੀਨੇ ਵਿੱਚ ਲੋਕਾਂ ਨੂੰ ਇਸ ਵੱਡੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਜਾਂ ਨਹੀਂ।














