ਗੁਜਰਾਤ 09 July 2025 AJ DI Awaaj
National Desk : ਮਹੀਸਾਗਰ ਜ਼ਿਲ੍ਹੇ ‘ਚ ਬੁੱਧਵਾਰ ਸਵੇਰੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਮਹੀਸਾਗਰ ਨਦੀ ਉੱਤੇ ਬਣਿਆ ਇੱਕ ਪੁਰਾਣਾ ਪੁਲ ਅਚਾਨਕ ਡਿੱਗ ਗਿਆ। ਹਾਦਸੇ ਵਿਚ ਘੱਟੋ-ਘੱਟ 8 ਲੋਕਾਂ ਦੀ ਮੌ*ਤ ਹੋ ਗਈ ਹੈ, ਜਦਕਿ 5 ਲੋਕਾਂ ਨੂੰ ਬਚਾ ਲਿਆ ਗਿਆ ਹੈ।
ਜਿਵੇਂ ਹੀ ਪੁਲ ਡਿੱਗਿਆ, ਉਸ ‘ਤੇ ਚੱਲ ਰਹੇ 5 ਵਾਹਨ ਨਦੀ ‘ਚ ਡਿੱਗ ਪਏ। ਦੋ ਟਰੱਕ ਪੂਰੀ ਤਰ੍ਹਾਂ ਡੁੱਬ ਗਏ, ਜਦਕਿ ਇੱਕ ਟੈਂਕਰ ਪੁਲ ਦੇ ਕਿਨਾਰੇ ‘ਤੇ ਫਸ ਗਿਆ। ਹਾਦਸੇ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।
ਇਹ ਪੁਲ 1981 ਵਿੱਚ ਤਿਆਰ ਹੋਇਆ ਸੀ ਅਤੇ 1985 ਵਿੱਚ ਜਨਤਾ ਲਈ ਖੋਲ੍ਹਿਆ ਗਿਆ ਸੀ। ਪਰ ਪਿਛਲੇ ਕੁਝ ਸਾਲਾਂ ਤੋਂ ਇਸ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ।
ਸਥਾਨਕ ਵਿਧਾਇਕ ਚੈਤੰਨਿਆ ਸਿੰਘ ਝਾਲਾ ਨੇ ਪੁਲ ਦੀ ਮਾੜੀ ਹਾਲਤ ਨੂੰ ਲੈ ਕੇ ਪਹਿਲਾਂ ਹੀ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਅਤੇ ਨਵੇਂ ਪੁਲ ਦੀ ਮੰਗ ਕੀਤੀ ਸੀ। ਬਾਵਜੂਦ ਇਸਦੇ, ਕੋਈ ਕਦਮ ਨਹੀਂ ਚੁੱਕਿਆ ਗਿਆ, ਜਿਸ ਕਰਕੇ ਅੱਜ ਇਹ ਵੱਡਾ ਹਾਦਸਾ ਵਾਪਰ ਗਿਆ।
ਪ੍ਰਸ਼ਾਸਨ ਵੱਲੋਂ ਬਚਾਅ ਤੇ ਰਾਹਤ ਕੰਮ ਜਾਰੀ ਹਨ, ਜਦਕਿ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
