ਲੁਧਿਆਣਾ 23 Dec 2025 AJ DI Awaaj
Punjab Desk : ਲੁਧਿਆਣਾ ਤੋਂ ਇੱਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਬਲਾਚੌਰ ਦੇ ਰਹਿਣ ਵਾਲੇ ਪ੍ਰਸਿੱਧ ਬਾਡੀ ਬਿਲਡਰ ਅਤੇ ਜਿਮ ਮਾਲਕ ਸੁਖਵੀਰ ਸਿੰਘ (28) ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌ*ਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਲੁਧਿਆਣਾ ਵਿੱਚ ਹੋਏ ਪਾਵਰਲਿਫਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਹਾਸਿਲ ਕਰ ਚੁੱਕਾ ਸੀ।
ਜਾਣਕਾਰੀ ਮੁਤਾਬਕ ਸੁਖਵੀਰ ਸਿੰਘ ਬਲਾਚੌਰ ਦੇ ਮਹਿੰਦੀਪੁਰ ਰੋਡ ’ਤੇ ਸਥਿਤ ਬੁੱਲ ਜਿਮ ਦਾ ਮਾਲਕ ਸੀ ਅਤੇ ਪੇਸ਼ੇ ਤੋਂ ਬਾਡੀ ਬਿਲਡਰ ਤੇ ਪਾਵਰਲਿਫਟਰ ਸੀ। ਐਤਵਾਰ ਸ਼ਾਮ ਨੂੰ ਉਸ ਨੇ ਮੁਕਾਬਲੇ ਦੌਰਾਨ ਪਹਿਲਾਂ 150 ਕਿਲੋਗ੍ਰਾਮ ਬੈਂਚ ਪ੍ਰੈਸ ਅਤੇ ਫਿਰ 300 ਕਿਲੋਗ੍ਰਾਮ ਡੈੱਡਲਿਫਟ ਸਫ਼ਲਤਾਪੂਰਵਕ ਲਗਾਈ।
ਡੈੱਡਲਿਫਟ ਮਗਰੋਂ ਉਸਨੂੰ ਅਚਾਨਕ ਛਾਤੀ ਵਿੱਚ ਦਰਦ ਮਹਿਸੂਸ ਹੋਇਆ। ਇਸ ਤੋਂ ਬਾਅਦ ਉਹ ਬਾਹਰ ਨਿਕਲ ਕੇ ਆਪਣੀ ਕਾਰ ਵਿੱਚ ਬੈਠ ਗਿਆ, ਜਿੱਥੇ ਉਸਦੀ ਹਾਲਤ ਹੋਰ ਵਿਗੜ ਗਈ ਅਤੇ ਕੁਝ ਹੀ ਸਮੇਂ ਵਿੱਚ ਉਹ ਡਿੱਗ ਪਿਆ। ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਵੱਲੋਂ ਉਸਨੂੰ ਤੁਰੰਤ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿ*ਤਕ ਐਲਾਨ ਦਿੱਤਾ।
ਇਹ ਮਾਮਲਾ ਹੋਰ ਵੀ ਹਿਰਦੇ-ਵਿਦਾਰਕ ਇਸ ਲਈ ਬਣ ਗਿਆ ਕਿਉਂਕਿ ਜਿੱਥੇ ਇਕ ਪਾਸੇ ਸੁਖਵੀਰ ਸਿੰਘ ਨੇ ਆਪਣੇ ਕਰੀਅਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੁਕਾਬਲਾ ਜਿੱਤਿਆ, ਓਥੇ ਹੀ ਦੂਜੇ ਪਾਸੇ ਉਸਦੀ ਅਕਾਲ ਮੌ*ਤ ਨੇ ਪਰਿਵਾਰ, ਦੋਸਤਾਂ ਅਤੇ ਖੇਡ ਜਗਤ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।














