ਫ਼ਰੀਦਕੋਟ, 27 ਸਤੰਬਰ 2025 Aj Di Awaaj
Punjab Desk : ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ, ਜਿਨ੍ਹਾਂ ਨੇ ਆਪਣੀ ਜਵਾਨੀ ਦੇ ਸੁਪਨਿਆਂ ਨੂੰ ਕੌਮ ਦੀ ਆਜ਼ਾਦੀ ਲਈ ਸਮਰਪਿਤ ਕਰ ਦਿੱਤਾ, ਉਨ੍ਹਾਂ ਦੇ ਜਨਮ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਯੂਥ ਕਲੱਬ ਫ਼ਰੀਦਕੋਟ ਵੱਲੋਂ 28 ਸਤੰਬਰ 2025 ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ।
ਇਸ ਮੌਕੇ ਅਪਣੇ ਸੰਬੋਧਨ ਵਿਚ ਵਿਧਾਇਕ ਸ. ਸੇਖੋਂ ਨੇ ਕਿਹਾ ਕਿ ਉਹ ਯੂਥ ਕਲੱਬ ਦੇ ਸਮੂਹ ਮੈਂਬਰਾਂ ਨਾਲ ਮਿਲ ਕੇ ਖੂਨਦਾਨ ਕਰਕੇ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਨੂੰ ਅਮਲੀ ਰੂਪ ਦੇਣ ਦਾ ਸੰਦੇਸ਼ ਦੇਣਗੇ।
ਉਨ੍ਹਾਂ ਕਿਹਾ ਇਕ ਕ਼ਤਰਾ ਖੂਨ ਕਿਸੇ ਮਰੀਜ਼ ਲਈ ਨਵੀਂ ਜ਼ਿੰਦਗੀ ਦਾ ਕਾਰਨ ਬਣ ਸਕਦਾ ਹੈ।ਖੂਨਦਾਨ ਵਰਗਾ ਪੁੰਨ ਕਮਾਈ ਦਾ ਕੰਮ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਸਭ ਤੋਂ ਵੱਡਾ ਸਾਧਨ ਹੈ।
ਉਨ੍ਹਾਂ ਜ਼ਿਲੇ ਦੇ ਨੌਜਵਾਨਾਂ, ਵਿਦਿਆਰਥੀਆਂ ਅਤੇ ਸਮਾਜ ਦੇ ਹਰ ਵਰਗ ਨੂੰ ਸੱਦਾ ਦਿੱਤਾ ਕਿ ਇਸ ਪਵਿੱਤਰ ਮੌਕੇ ‘ਤੇ ਵੱਡੇ ਮਨ ਨਾਲ ਅੱਗੇ ਆਉਣ ਅਤੇ ਖੂਨਦਾਨ ਕਰਕੇ ਸ਼ਹੀਦਾਂ ਦੇ ਰਾਹਾਂ ‘ਤੇ ਤੁਰਨ ਦਾ ਵਾਅਦਾ ਕਰੀਏ।
