ਟੀਕਾਕਰਨ ਨਿਰੀਖਣ ਨੂੰ ਯਕੀਨੀ ਬਣਾਉਣ ਬਲਾਕ ਐਸ.ਐਮ.ਓ. ਕਰਣ ਨਿਗਰਾਨੀ: ਡਾ. ਗੁਰਪ੍ਰੀਤ ਸਿੰਘ ਰਾਏ

28

ਤਰਨ ਤਾਰਨ, 07 ਮਈ 2025 AJ Di Awaaj

 ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਦੀ ਟੀਕਾਕਰਨ ਪ੍ਰੋਗਰਾਮ ਅਤੇ ਸਿਹਤ ਵਿਭਾਗ ਵੱਲੋਂ ਡੇਂਗੂ, ਮਲੇਰੀਆ ਵਿਰੁੱਧ ਚਲਾਏ ਜਾ ਰਹੇ ਪ੍ਰੋਗਰਾਮ ਸਬੰਧੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿੱਚ ਵਿਸ਼ਵ ਸਿਹਤ ਸੰਸਥਾ ਦੇ ਨੁਮਾਇੰਦੇ ਡਾ. ਇਸ਼ਿਤਾ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।

        ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਚਲਾਏ  ਜਾ ਰਹੇ ਟੀਕਾਕਰਨ ਪ੍ਰੋਗਰਾਮ ਦੀ ਬੜੀ ਹੀ ਬਰੀਕੀ ਨਾਲ ਸਮੀਖਿਆ ਕੀਤੀ। ਉਨਾਂ ਵੱਲੋਂ ਵਿਭਾਗ ਵੱਲੋਂ ਲਗਾਏ  ਜਾਣ ਵਾਲੇ ਇੱਕ-ਇੱਕ ਟੀਕੇ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਅਤੇ ਜਿਹੜੇ ਵੀ ਬਲਾਕਾਂ ਦੇ ਵਿੱਚ ਟੀਕਾਕਰਨ ਦੀ ਔਸਤ ਘੱਟ ਪਾਈ ਗਈ, ਉਹਨਾਂ ਨੂੰ ਟੀਕਾਕਰਨ ਪ੍ਰੋਗਰਾਮ ਵਿੱਚ ਸੁਧਾਰ ਕਰਨ ਲਈ ਸਖਤ ਹਦਾਇਤ ਕੀਤੀ ਗਈ।

        ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਜ਼ਿਲੇ ਦੇ ਵਿੱਚ ਟੀਕਾਕਰਨ ਪ੍ਰੋਗਰਾਮ ਸਬੰਧੀ ਕਿਸੇ ਵੀ ਪ੍ਰਕਾਰ ਦੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬੱਚੇ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਟੀਕਾਕਰਨ ਬਹੁਤ ਲਾਜ਼ਮੀ ਹੈ ਅਤੇ ਸਿਹਤ ਕਰਮੀ ਇਸ ਗੱਲ ਨੂੰ ਯਕੀਨੀ ਬਣਾਉਣਗੇ ਜ਼ਿਲੇ ਦੇ ਵਿੱਚ ਕੋਈ ਵੀ ਯੋਗ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ।

ਡਾਕਟਰ ਰਾਏ ਨੇ ਕਿਹਾ ਕਿ ਮੀਟਿੰਗ ਦੌਰਾਨ ਟੀਕਿਆਂ ਦੀ ਕੀਤੀ ਗਈ ਸਮੀਖਿਆ ਵਿੱਚ ਕਈ ਬਲਾਕਾਂ ਦੇ ਟੀਕਾਕਰਨ ਪ੍ਰੋਗਰਾਮ ਨੂੰ ਵਾਚਿਆ ਗਿਆ ਅਤੇ ਜਿਹੜੇ ਵੀ ਬਲਾਕਾਂ ਦੇ ਵਿੱਚ ਮੀਜਲਜ਼ ਰੁਬੇਲਾ ਟੀਕਿਆਂ ਦੀ ਔਸਤ ਘੱਟ ਪਾਈ ਗਈ ਉਹਨਾਂ ਨੂੰ ਸਖਤ ਹਦਾਇਤਾਂ ਜਾਰੀ  ਕੀਤੀਆਂ ਗਈਆਂ।

ਉਹਨਾਂ ਕਿਹਾ ਕਿ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ ਟੀਕਾਕਰਨ ਪ੍ਰੋਗਰਾਮ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕਰਨ ਅਤੇ ਮਾਸ ਮੀਡੀਆ ਵਿੰਗ ਰਾਹੀਂ ਟੀਕਾਕਰਨ ਪ੍ਰੋਗਰਾਮ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ। ਇਸ ਤੋਂ ਇਲਾਵਾ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ  ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਵੈਕਟਰ ਬੋਰਨ ਬਿਮਾਰੀਆਂ ਜਿਵੇਂ ਕਿ ਡੇਂਗੂ ਮਲੇਰੀਆ ਚਿਕਨਗੁਨੀਆ ਦੀ ਰੋਕਥਾਮ ਸਬੰਧੀ ਬਲਾਕਾਂ ਦੇ ਵਿਚ ਵੱਖ-ਵੱਖ ਗਤੀਵਿਧੀਆਂ ਨੂੰ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਸਿਹਤ ਕਰਮੀਆਂ ਵੱਲੋਂ ਬਲਾਕਾਂ ਦੇ ਵਿਦਿਅਕ ਸੰਸਥਾਵਾਂ ਜਾਗਰੂਕਤਾ ਸੈਸ਼ਨ ਲਗਾ ਕੇ ਡੇਂਗੂ ਅਤੇ ਮਲੇਰੀਆ ਵਿਰੁੱਧ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੇਂਗੂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ ‘ ਬਾਰੇ ਵੀ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਕੀਤਾ ਜਾਵੇ।

ਜ਼ਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਵਿਸ਼ੇਸ਼ ਟੀਕਾਕਰਨ ਹਫਤੇ ਲਗਾ ਕੇ ਯੋਗ ਲਾਭਪਾਤਰੀ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਯਕੀਨੀ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਰੇਕ ਬਲਾਕ ਮੀਜਲਜ਼ ਰੁਬੇਲਾ ਟੀਕੇ ਨੂੰ ਲਗਾਉਣ ਦੀ ਔਸਤ ਬਾਰੇ ਪਹਿਲ ਦੇ ਅਧਾਰ ਤੇ ਸਮੀਖਿਆ ਕਰ ਰਹੀ ਅਤੇ ਜਿਹੜੇ ਵੀ ਬਲਾਕਾਂ ਦੇ ਵਿੱਚ ਮੀਜ਼ਲਜ ਰੁਬੇਲਾ ਟੀਕੇ ਦੀ ਔਸਤ ਘੱਟ ਪਾਈ ਗਈ ਹੈ, ਉਹ ਤੁਰੰਤ ਇਸ ਵਿੱਚ ਸੁਧਾਰ ਲਿਆਉਣ। ਉਹਨਾਂ ਦੱਸਿਆ ਕਿ ਸਿਹਤ ਅਧਿਕਾਰੀ ਹਾਈ ਰਿਸਕ ਖੇਤਰਾਂ ਜਿਵੇਂ ਇੱਟਾਂ ਦੇ ਭੱਠਿਆਂ, ਝੁੱਗੀਆਂ, ਗੁਜਰਾਂ ਦੇ ਡੇਰਿਆਂ, ਉਸਾਰੀ ਅਧੀਨ ਖੇਤਰਾਂ ਵਿੱਚ ਰਹਿ ਰਹੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ‘ਤੇ ਵੀ ਟੀਕਾਕਰਨ ਨੂੰ ਯਕੀਨੀ ਬਣਾਉਣ।

ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ ਵਰਿੰਦਰ ਪਾਲ ਕੌਰ, ਜਿਲਾ ਪਰਿਵਾਰ ਭਲਾਈ ਅਫਸਰ ਡਾ ਸਤਵਿੰਦਰ ਕੁਮਾਰ, ਸਹਾਇਕ ਸਿਵਲ ਸਰਜਨ ਡਾ ਸੁਰਿੰਦਰ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰੂਪਮ ਚੌਧਰੀ, ਜਿਲਾ ਐਪੀਡਮੋਲਜਿਸਟ ਡਾ ਅਵਲੀਨ ਕੌਰ, ਪ੍ਰੋਗਰਾਮ ਅਫਸਰ ਡਾ ਸੁਖਜਿੰਦਰ ਸਿੰਘ, ਜ਼ਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ ਤੋਂ ਇਲਾਵਾ ਸਮੂਹ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ ਮੌਜੂਦ ਰਹੇ।

ਬਲਾਕਾਂ ਦੀ ਸੀਨੀਅਰ ਮੈਡੀਕਲ ਅਫਸਰਾਂ ਨਾਲ ਬੁਧਵਾਰ ਨੂੰ ਹੋਈ ਮੀਟਿੰਗ ਦੌਰਾਨ ਮੌਜੂਦਾ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਜ਼ਿਲਾ ਹਸਪਤਾਲ ਤਰਨ ਤਾਰਨ ਸਬ ਡਿਵੀਜ਼ਨਲ ਹਸਪਤਾਲ ਪੱਟੀ ਅਤੇ ਖਡੂਰ ਸਾਹਿਬ ਤੋਂ ਇਲਾਵਾ ਜ਼ਿਲੇ ਦੀਆਂ ਸਾਰੀਆਂ ਸੀ ਐਚ ਸੀਜ ਉੱਤੇ ਸਿਹਤ ਸਬੰਧੀ ਐਮਰਜੈਂਸੀ ਸੇਵਾਵਾਂ ਨੂੰ 24X7 ਰੱਖਣ ਦੇ ਹੁਕਮ ਜਾਰੀ ਕੀਤੇ। ਉਹਨਾਂ ਕਿਹਾ ਕਿ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸਿਹਤ ਕੇਂਦਰਾਂ ਵਿਖੇ ਹਰ ਸਮੇਂ ਮੈਡੀਕਲ ਅਫਸਰ ਤੋਂ ਇਲਾਵਾ ਲੋੜੀਂਦਾ ਪੈਰਾਮੈਡੀਕਲ ਸਟਾਫ ਮੌਜੂਦ ਰਹੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਿਹਤ ਵਿਭਾਗ ਦੇ ਜਿਹੜੇ ਵੀ ਅਧਿਕਾਰੀ ਅਤੇ ਕਰਮਚਾਰੀ ਲੰਮੀ ਛੁੱਟੀ ‘ਤੇ ਹਨ ਉਹਨਾਂ ਦੀਆਂ ਛੁੱਟੀਆਂ ਨੂੰ ਤੁਰੰਤ ਰੱਦ ਕੀਤਾ ਜਾਂਦਾ ਹੈ ਅਤੇ ਉਨਾਂ ਨੂੰ ਆਪਣੇ ਸਬੰਧਤ ਸਟੇਸ਼ਨਾਂ ਉੱਤੇ ਤੁਰੰਤ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ।