ਖੇਤੀਬਾੜੀ ਵਿਭਾਗ ਵੱਲੋਂ ਪਿੰਡ ਜਿਉਣਵਾਲਾ ਵਿਖੇ ਲਗਾਇਆ ਗਿਆ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ

15

ਕੋਟਕਪੂਰਾ 16 ਮਈ 2025 Aj Di Awaaj

            ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਰੀਦਕੋਟ ਵੱਲੋਂ ਪਿੰਡ ਜਿਉਣਵਾਲਾ, ਸਰਕਲ ਪੰਜਗਰਾਈਂ ਕਲਾਂ ਵਿਖੇ ਝੋਨੇ ਦੀ ਸਿੱਧੀ ਬਿਜਾਈ ਅਤੇ ਸਾਉਣੀ ਦੀਆਂ ਫਸਲਾਂ ਦੀ ਸੁਚੱਜੀ ਕਾਸ਼ਤ ਕਰਨ ਸਬੰਧੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਮੁੱਖ ਖੇਤੀਬਾੜੀ ਅਫਸਰ, ਡਾ.ਕੁਲਵੰਤ ਸਿੰਘ ਵੱਲੋਂ ਵਿਸ਼ੇਸ ਤੌਰ ਤੇ ਸ਼ਿਰਕਤ ਕਰਕੇ ਕਿਸਾਨਾਂ ਨੂੰ ਜਿਲ੍ਹੇ ਵਿੱਚ ਚਲਾਈਆਂ ਜਾ ਰਹੀਆਂ ਵੱਖ—ਵੱਖ ਸਕੀਮਾਂ ਬਾਰੇ ਦੱਸਿਆ ਗਿਆ।

ਉਹਨਾਂ ਕਿਹਾ ਕਿ ਪਾਣੀ ਦੀ ਬੱਚਤ ਕਰਨ ਅਤੇ ਵਧੇਰੇ ਲਾਭ ਲੈਣ ਲਈ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ, ਨਰਮੇ ਹੇਠ ਰਕਬਾ ਵਧਾਇਆ ਜਾਵੇ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਉਹਨਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500/— ਰੁਪਏ ਪ੍ਰਤੀ ਏਕੜ ਦਿੱਤੀ ਰਾਸ਼ੀ ਬਾਰੇ ਜਾਣਕਾਰੀ ਦਿੱਤੀ ਗਈ।

ਕੈਂਪ ਵਿੱਚ ਡਾ.ਨਿਸ਼ਾਨ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਸਰਕਲ ਪੰਜਗਰਾਈਂ ਵੱਲੋਂ ਕਿਸਾਨਾਂ ਨੂੰ ਪੀ.ਐਮ.ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਈ.ਕੇ.ਵਾਈ.ਸੀ.ਕਰਵਾਉਣ ਬਾਰੇ ਕਿਹਾ ਗਿਆ। ਉਹਨਾਂ ਵੱਲੋਂ ਸੀ.ਆਰ.ਐਮ. ਸਕੀਮ ਅਧੀਨ ਦਿੱਤੀ ਜਾਂਦੀ ਸਬਸਿਡੀ ਅਤੇ ਮਸ਼ੀਨਰੀ ਬਾਰੇ ਦੱਸਿਆ ਗਿਆ। ਉਹਨਾਂ ਪੰਜਾਬ ਸਰਕਾਰ ਵੱਲੋਂ ਨਰਮੇਂ ਦੇ ਬੀਜ ਉੱਪਰ ਦਿੱਤੀ ਜਾ ਰਹੀ 33% ਸਬਸਿਡੀ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ।

ਟੇ੍ਰਨਿੰਗ ਵਿੰਗ ਤੋਂ ਡਾ. ਗੁਰਿੰਦਰਪਾਲ ਸਿੰਘ, ਟੇ੍ਰਨਿੰਗ ਅਫਸਰ, ਫਰੀਦਕੋਟ ਵੱਲੋਂ ਝੋਨੇ ਦੀ ਪਨੀਰੀ ਵਿੱਚ ਛੋਟੇ ਤੱਤਾਂ ਦੀ ਘਾਟ, ਕੀੜੇ—ਮਕੌੜਿਆਂ ਦੇ ਹਮਲੇ ਅਤੇ ਬਿਮਾਰੀਆਂ ਬਾਰੇ ਦੱਸਿਆ ਗਿਆ ਅਤੇ ਇਹਨਾਂ ਦੇ ਉਪਾਅ ਵੀ ਦੱਸੇ ਗਏ। ਉਹਨਾਂ ਭੋਂ ਪਰਖ ਅਤੇ ਪਾਣੀ ਦੀ ਪਰਖ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਮਿੱਟੀ ਟੈਸਟ ਕਰਵਾਉਣ ਦਾ ਸਮਾਂ ਹੈ। ਟੈਸਟ ਰਿਪੋਰਟ ਦੇ ਅਧਾਰ ਤੇ ਹੀ ਖਾਦਾਂ ਦੀ ਵਰਤੋਂ ਕੀਤੀ ਜਾਵੇ। ਵੈਟਨਰੀ ਵਿਭਾਗ ਵੱਲੋਂ ਕੈਂਪ ਵਿੱਚ ਹਾਜ਼ਿਰ ਡਾ.ਰਵੀ ਕੁਲਭੂਸ਼ਨ, ਵੈਟਨਰੀ ਅਫਸਰ ਵੱਲੋਂ ਪਸ਼ੂ ਪਾਲਣ ਵਿਭਾਗ ਦੀਆਂ ਸਕੀਮਾਂ, ਵੈਕਸੀਨੇਸ਼ਨ ਅਤੇ ਸੰਤੁਲਿਤ ਪਸ਼ੂ ਖੁਰਾਕ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ।

ਅੰਤ ਵਿੱਚ ਡਾ. ਕੁਲਵੰਤ ਸਿੰਘ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆ ਵਿਰੁੱਧ” ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ।

ਇਸ ਕੈਂਪ ਵਿੱਚ ਸ੍ਰੀ ਸਰਬਣ ਸਿੰਘ ਏ.ਐਸ.ਆਈ., ਰਣਜੀਤ ਸਿੰਘ ਫੀਲਡ ਵਰਕਰ, ਸ੍ਰੀ ਬਲਦੇਵ ਸਿੰਘ ਸਰਪੰਚ, ਸੈਕਟਰੀ ਰਾਮਦਾਸ, ਲਖਵੀਰ ਸਿੰਘ, ਸਿੰਗਾਰਾ ਸਿੰਘ, ਹਰਨੇਕ ਸਿੰਘ, ਰਾਜ ਸਿੰਘ ਜੱਗਾ ਸਿੰਘ ਆਦਿ ਮੋਹਤਬਾਰ ਪਿੰਡ ਵਾਸੀ ਹਾਜ਼ਿਰ ਸਨ।