ਪਰਾਲੀ ਪ੍ਰਬੰਧਨ ਬਾਰੇ ਮਹਿਲ ਕਲਾਂ ਵਿੱਚ ਬਲਾਕ ਪੱਧਰੀ ਕੈਂਪ

42

ਮਹਿਲ ਕਲਾਂ, 30 ਅਗਸਤ 2025 AJ DI Awaaj

Punjab Desk :       ਖੇਤੀਬਾੜੀ ਵਿਭਾਗ ਮਹਿਲ ਕਲਾਂ ਵੱਲੋਂ ਡਿਪਟੀ ਕਮਿਸ਼ਨਰ  ਬਰਨਾਲਾ ਸ੍ਰੀ ਟੀ ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਜਗਸੀਰ ਸਿੰਘ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਹਰਮਨਦੀਪ ਸਿੰਘ ਦੀ ਅਗਵਾਈ ਹੇਠ  ਬਲਾਕ ਮਹਿਲ ਕਲਾਂ ਦੇ ਕਿਸਾਨਾਂ ਨੂੰ ਪਰਾਲੀ/ ਝੋਨੇ ਦੀ ਰਹਿੰਦ ਖੂੰਹਦ ਦੀ ਸਾਂਭ- ਸੰਭਾਲ ਅਤੇ ਫ਼ਸਲਾਂ ਸਬੰਧੀ ਜਾਗਰੂਕ ਕਰਨ ਲਈ ਬਲਾਕ ਪੱਧਰੀ ਕੈਂਪ ਲਾਇਆ ਗਿਆ।
ਇਸ ਸਮੇਂ ਬਲਾਕ ਤਕਨੀਕੀ ਮੈਨਜਰ ਸਨਵਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਅਸੀਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਉੱਥੇ ਧਰਤੀ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਕੀੜੇ ਵੀ ਮਾਰ ਰਹੇ ਹਾਂ। ਓਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਨਵੀਆਂ ਤਕਨੀਕਾਂ (ਹੈਪੀਸੀਡਰ, ਸੁਪਰਸੀਡਰ, ਸਰਫੇਸ ਸੀਡਰ ਆਦਿ) ਨਾਲ ਹੀ ਕਣਕ ਦੀ ਬਿਜਾਈ ਕੀਤੀ ਜਾਵੇ। ਓਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਖੇਤ ਦੀ ਪਰਾਲੀ ਨੂੰ ਬੇਲਰ ਰਾਹੀਂ ਗੰਢਾਂ ਬਣਾਕੇ ਜਾਂ ਤੂੜੀ ਬਣਾ ਕੇ ਵਪਾਰੀਆਂ ਨੂੰ ਵੇਚ ਸਕਦੇ ਹਨ। ਜੇਕਰ ਅਸੀਂ ਪਿੰਡ ਪੱਧਰ ਤੋਂ ਹੀ ਅੱਗ ਨਾ ਲਗਾਉਣ ਦੇ ਉਪਰਾਲੇ ਸ਼ੁਰੂ ਕਰਾਂਗੇ ਤਾਂ ਹੀ ਸਾਡਾ ਸਾਰਾ ਪੰਜਾਬ ਪ੍ਰਦੂਸ਼ਣ ਮੁਕਤ ਹੋ ਸਕੇਗਾ। ਓਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਮਾਹਿਰਾਂ ਦੀ ਸਲਾਰ ਅਨੁਸਾਰ ਹੀ ਸ਼ਿਫਾਰਸ਼ ਕੀਤੀਆਂ ਕਿਸਮਾਂ ਅਤੇ ਦਵਾਈਆਂ ਦਾ ਸੁਚੱਜਾ ਪ੍ਰਯੋਗ ਕੀਤਾ ਜਾਵੇ ਤਾਂ ਜੋ ਕਿਸਾਨ ਦੇ ਖੇਤੀ ਖਰਚੇ ਘੱਟ ਸਕਣ। ਇਸ ਕੈਂਪ ਦੌਰਾਨ ਸ. ਪ੍ਰਮੋਲਪ੍ਰੀਤ ਸਿੰਘ ਇੰਸਪੈਕਟ, ਪਸ਼ੂ ਪਾਲਣ ਵਿਭਾਗ ਨੇ ਕਿਸਾਨਾਂ ਨੂੰ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ।
ਇਸ ਕੈਂਪ ਦੌਰਾਨ ਡਾ. ਅਮਨਦੀਪ ਕੌਰ ਫਾਰਮ ਸਲਾਹਕਾਰ ਸੇਵਾ ਕੇਂਦਰ ਬਰਨਾਲਾ ਨੇ ਕਿਸਾਨਾਂ ਨੂੰ ਕਣਕ ਤੋਂ ਇਲਾਵਾ ਹੋਰ ਹਾੜ੍ਹੀ ਦੀਆਂ ਫਸਲਾਂ ਜਿਵੇ ਕਿ ਸਰ੍ਹੋਂ, ਛੋਲੇ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ। ਓਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਤੇ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਸਹੀ ਮਿਕਦਾਰ ਵਿੱਚ ਦਵਾਈਆਂ ਅਤੇ ਖਾਦਾਂ ਆਦਿ ਦੀ ਵਰਤੋਂ ਨਾਲ ਖੇਤੀ ਕਰਨ ਦੀ ਸਲਾਹ ਦਿੱਤੀ।
ਇਸ ਕੈਂਪ ਦੌਰਾਨ ਡਾ. ਸੁਰਿੰਦਰਾ ਸਿੰਘ, ਕੇ.ਵੀ.ਕੇ. ਬਰਨਾਲਾ ਨੇ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਖੇਤੀਬਾੜੀ ਯੂਨੀਵਰਿਸਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਕਣਕ ਦੀਆਂ ਕਿਸਮਾਂ, ਖੁਰਾਕੀ ਤੱਤ, ਕੀੜੇ- ਮਕੌੜੇ ਅਤੇ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਹਰਪਾਲ ਸਿੰਘ ਸਬ ਇੰਸਪੈਕਟਰ ਨੇ ਵਿਭਾਗ ਵੱਲੋਂ ਸੀ.ਆਰ. ਐਮ. ਸਕੀਮ ਅਧੀਨ ਕਿਸਾਨਾਂ ਨੂੰ ਸਬਸਿਡੀ ਉੱਪਰ ਪਰਾਲੀ ਸਾਂਭਣ ਵਾਲੀਆਂ ਵੱਖ- ਵੱਖ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਕਿਸਾਨ ਭਰਪੂਰ ਲਾਭ ਲੈ ਸਕਦੇ ਹਨ। ਓਨ੍ਹਾਂ ਕਿਹਾ ਕਿ ਜੇਕਰ ਕਿਸਾਨ ਇੱਕ ਏਕੜ ਵਿੱਚੋਂ ਪੈਦਾ ਹੋਈ ਪਰਾਲੀ ਨੂੰ ਆਪਣੇ ਖੇਤ ਵਿੱਚ ਹੀ ਵਾਹੁੰਦਾ ਹੈ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਵੀ ਹੋਵੇਗਾ। ਓਨ੍ਹਾਂ ਕਣਕ ਦੇ ਮੁੱਖ ਦੁਸ਼ਮਣ ਗੁੱਲੀ ਡੰਡੇ ਅਤੇ ਉਸਦੀ ਰੋਕਥਾਮ ਲਈ ਸਿਫਾਰਸ਼ ਕੀਤੇ ਗਏ ਨਦੀਨ-ਨਾਸ਼ਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਇਸ ਕੈਂਪ ਵਿੱਚ ਪਰਾਲੀ/ ਝੋਨੇ ਦੀ ਰਹਿੰਦ ਖੂੰਹਦ ਦਾ ਸੁੱਚਜਾ ਪ੍ਰਬੰਧ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰੀ ਕੁਲਵੀਰ ਸਿੰਘ ਸਹਾਇਕ ਮੈਨਜਰ ਨੇ ਸਟੇਜ ਦਾ ਸੰਚਾਲਣ ਕੀਤਾ ਅਤੇ ਕਿਸਾਨਾਂ ਨੂੰ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਕੈਂਪ ਵਿੱਚ ਸ. ਸਰਬਜੀਤ ਸਿੰਘ ਸੰਭੂ ਸਰਪੰਚ ਮਹਿਲ ਕਲਾਂ ਸੋਦੇ ਨੇ ਸ਼ਿਰਕਤ ਕੀਤੀ। ਇਹਨਾਂ ਤੋਂ ਇਲਾਵਾ ਸ੍ਰੀ ਮਹਿੰਦਰ ਕੌਰ ਏ.ਟੀ.ਐੱਮ., ਸ੍ਰੀ ਜਸਵੀਰ ਸਿੰਘ ਖੇਤੀ ਦੂਤ, ਸ੍ਰੀ ਕਮਲਪ੍ਰੀਤ ਸਿੰਘ ਖੇਤੀ ਦੁਤ, ਸ੍ਰੀ ਕੁਲਦੀਪ ਸਿੰਘ ਬੇਲਦਾਰ ਤੋਂ ਇਲਾਵਾ ਅਗਾਂਹਵਧੂ ਕਿਸਾਨ ਅਰਸ਼ਦੀਪ ਸਿੰਘ, ਹਰਮਨਜੀਤ ਸਿੰਘ, ਹਰਜਿੰਦਰ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ, ਅਮਨਦੀਪ ਸਿੰਘ, ਗੁਰਬਖਸ਼ ਸਿੰਘ, ਸ਼ੇਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਚਾਇਤ ਮੈਂਬਰ ਅਤੇ ਇਲਾਕੇ ਦੇ ਕਿਸਾਨ ਹਾਜ਼ਰ ਸਨ।