ਲਹੁਕਾ ‘ਚ ਮਨਾਇਆ ਗਿਆ ਜੈਵਿਕ-ਵਿਭਿੰਨਤਾ ਦਿਵਸ, ਟਿਕਾਊ ਖੇਤੀ ਲਈ ਕੁਦਰਤੀ ਰਸਤੇ ਅਪਣਾਉਣ ਦੀ ਲੋੜ – ਡਾ. ਭੁਪਿੰਦਰ ਸਿੰਘ

60

ਤਰਨ ਤਾਰਨ, 22 ਮਈ 2025 Aj DI Awaaj

ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਵਿਸ਼ਵ ਪੱਧਰ ਤੇ ਮਨਾਏ ਜਾਂਦੇ ਜੈਵਿਕ ਵਿਭਿੰਨਤਾ ਦਿਵਸ  ਸਬੰਧੀ ਪਿੰਡ ਲਹੁਕਾ ਵਿਖੇ ਪੰਨੂ ਵਰਮੀ ਕੰਪੋਸਟ ਫਾਰਮ ਤੇ ਦਿਨ ਮਨਾਇਆ ਗਿਆ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ ਭੁਪਿੰਦਰ ਸਿੰਘ,  ਗੁਰਬਰਿੰਦਰ ਸਿੰਘ ਏ ਡੀ ਓ, ਗੁਰਪ੍ਰੀਤ ਸਿੰਘ  ਬੀ ਟੀ ਐਮ ਅਤੇ ਤਰਸੇਮ ਸਿੰਘ ਨੇ ਹਾਜਰੀਨ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਸਾਲ 2025  ਦਿਵਸ ਦਾ ਉਦੇਸ਼ ਕੁਦਰਤ ਨਾਲ ਇੱਕ-ਸੁਰਤਾ ਅਤੇ ਟਿਕਾਊ ਵਿਕਾਸ  ਹੈ।

ਇਸ ਮੌਕੇ ਉਨਾਂ ਕੁੱਝ ਕਿਸਾਨਾਂ ਦੁਆਰਾ ਕੁਦਰਤ ਪ੍ਰਤੀ ਦਿਖਾਈ ਜਾ ਰਹੀ ਬੇਪਰਵਾਹੀ ਜਾਂ ਅਣਗਹਿਲੀ  ਸਬੰਧੀ ਚਿੰਤਿਤ ਹੁੰਦਿਆਂ ਵਿਚਾਰ ਪ੍ਰਗਟਾਏ ਕਿ ਫਸਲਾਂ ਦੀ ਕਟਾਈ ਕਰਨ ਉਪਰੰਤ ਰਹਿੰਦ ਖੂੰਹਦ ਨੂੰ ਲਗਾਈ ਅੱਗ ਨਾਲ ਇਕ ਨਜ਼ਰੇ ਤਾਂ ਭਾਵੇਂ ਨਾੜ ,ਪਰਾਲ ਅਤੇ ਰੁੱਖ ਹੀ ਸੜਦੇ ਦਿਸਦੇ ਹਨ, ਪਰ ਹਕੀਕਤ ਵਿੱਚ ਇਹ ਲਾਂਬੂ ਜਮੀਨ ਦੇ ਬਹੁਮੁੱਲੇ ਜੈਵਿਕ ਮਾਦੇ ਨੂੰ ਵੀ ਨਸ਼ਟ ਕਰ ਦਿੰਦੇ ਹਨ। ਜਦ ਕਿ ਇਹ ਜੈਵਿਕ ਮਾਦਾ ਹੀ ਹੈ, ਜੋਂ ਜ਼ਮੀਨ ਵਿੱਚ ਲੋੜੀਂਦੀ ਨਮੀਂ ਬਣਾ ਕੇ ਜਮੀਨ ਨੂੰ ਪੋਲੀ ਰੱਖਦਾ ਹੈ ਅਤੇ ਜ਼ਮੀਨ ਲਈ ਬੇਸ਼-ਕੀਮਤੀ ਜੀਵ ਜੰਤੂਆਂ ਨੂੰ ਖੁਰਾਕ ਵੀ ਦਿੰਦਾ ਹੈ। ਲਗਾਏ ਲਾਂਬੂਆਂ ਨਾਲ ਜ਼ਮੀਨ ਵਿੱਚ ਮੌਜੂਦ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ, ਉੱਥੇ ਤਾਪਮਾਨ ਵਿੱਚ ਹੋਏ ਵਾਧੇ ਨਾਲ  ਜੈਵਿਕ ਮਾਦੇ ਅਤੇ ਜੀਵ ਜੰਤੂਆਂ ਤੇ ਬੁਰਾ ਪ੍ਰਭਾਵ ਪੈਂਦਾ ਹੈ।

ਨਤੀਜਾ ਇਨ੍ਹਾਂ ਉੱਪਰ ਨਿਰਭਰ ਦੂਜੀਆਂ ਪ੍ਰਜਾਤੀਆਂ ਦਾ ਨੁਕਸਾਨ ਵੀ ਵੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਇਹਨਾਂ ਦੀ ਘਾਟ ਹੋ ਜਾਣ ਉਪਰੰਤ ਫਸਲਾਂ ਦੇ ਵਾਧੇ ਅਤੇ ਵਿਕਾਸ ਲਈ ਕਿਸਾਨਾਂ ਨੂੰ ਮਹਿੰਗੇ ਰਸਾਇਣਾਂ ਤੇ ਨਿਰਭਰ ਹੋਣਾ ਪੈਂਦਾ ਹੈ, ਜੋ ਵਾਤਾਵਰਨ ਨੂੰ ਤਾਂ ਗੰਧਲਾ ਕਰਦੇ ਹੀ ਹਨ, ਨਾਲ ਦੀ ਨਾਲ ਮਨੁੱਖੀ ਖੁਰਾਕ ਤੇ ਵੀ ਮਾੜਾ ਅਸਰ ਪਾਉਂਦੇ ਹਨ। ਜਿਸ ਨਾਲ ਨਵੀਆਂ ਮੁਸ਼ਕਲਾਂ ਦਾ ਜਨਮ ਹੁੰਦਾ ਹੈ। ਉਹਨਾਂ ਕਿਹਾ ਕਿ ਸਾਨੂੰ ਟਿਕਾਊ ਖੇਤੀ ਲਈ ਕੁਦਰਤ ਨਾਲ ਇਕ-ਮਿਕ ਹੋ ਕੇ ਅਜਿਹੇ ਸੁਹਿਰਦ ਯਤਨ ਕਰਦੇ ਰਹਿਣਾ ਚਾਹੀਦਾ ਹੈ, ਜਿਸ ਤਹਿਤ ਛੱਪੜ, ਤਲਾਬ, ਫੁੱਲ , ਫਲਦਾਰ ਅਤੇ ਰੁੱਖ ਆਦਿ ਸੰਭਾਲੇ ਜਾਣ, ਤਾਂ ਜੋ ਵੱਡੇ-ਛੋਟੇ ਅਤੇ ਸੂਖਮ ਜੀਵ ਜੰਤੂਆਂ ਦੇ ਰਹਿਣ ਸਹਿਣ ਅਤੇ ਖੁਰਾਕ ਦੇ ਸੋਮਿਆਂ ਦੀ ਪ੍ਰਤੀ-ਪੂਰਤੀ ਹੋ ਸਕੇ।

ਇਸ ਮੌਕੇ ਕਿਸਾਨਾਂ ਨੂੰ ਵਰਮੀ ਕੰਪੋਸਟ ਯੂਨਿਟ ਲਗਾਉਣ, ਝੋਨੇ ਦੀ ਸਿੱਧੀ ਬਿਜਾਈ, ਸਾਉਣੀ ਦੀ ਮੱਕੀ ਦੀ ਕਾਸ਼ਤ,ਜਿਪਸਮ ਆਦਿ ਤੇ ਦਿੱਤੀ ਜਾ ਰਹੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨਾਂ ਨੂੰ ਵਰਮੀ ਕੰਪੋਸਟ ਯੂਨਿਟ ਲਗਾਉਣ,ਝੋਨੇ ਦੀ ਸਿੱਧੀ ਬਿਜਾਈ, ਸਾਉਣੀ ਦੀ ਮੱਕੀ ਦੀ ਕਾਸ਼ਤ,ਜਿਪਸਮ ਆਦਿ ਤੇ ਦਿੱਤੀ ਜਾ ਰਹੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸੂਬਾ ਸਿੰਘ, ਤਰਸੇਮ ਸਿੰਘ , ਮਲਕੀਤ ਸਿੰਘ ,ਸੰਤੋਖ ਸਿੰਘ, ਗੁਰਪ੍ਰੀਤ ਸਿੰਘ , ਸੁਖਦੀਪ, ਸੁਖਵੀਰ ਸਿੰਘ, ਗੁਰਦੇਵ ਸਿੰਘ ਸੂਝਵਾਨ ਕਿਸਾਨਾਂ ਨੂੰ ਜੈਵਿਕ ਵਿਭਿੰਨਤਾ  ਲਈ ਕੰਮ ਕਰਨ ਵਾਲੇ ਉਤਮੀ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।