05 ਨਵੰਬਰ, 2025 ਅਜ ਦੀ ਆਵਾਜ਼
National Desk: ਬਿਲਾਸਪੁਰ ਵਿੱਚ ਲੋਕਲ ਟ੍ਰੇਨ ਅਤੇ ਮਾਲ ਗੱਡੀ ਦੀ ਭਿਆਨਕ ਟੱਕਰ, 11 ਮੌ/ਤਾਂ ਅਤੇ 14 ਜ਼ਖਮੀ ਛੱਤੀਸਗੜ੍ਹ ਦੇ ਬਿਲਾਸਪੁਰ ਰੇਲਵੇ ਸਟੇਸ਼ਨ ਨੇੜੇ ਮੰਗਲਵਾਰ (4 ਨਵੰਬਰ) ਨੂੰ ਇੱਕ ਲੋਕਲ ਟ੍ਰੇਨ ਅਤੇ ਮਾਲ ਗੱਡੀ ਦੀ ਟੱਕਰ ਵਿੱਚ ਘਟਨਾ ਸਥਾਨ ‘ਤੇ ਦਹਿਸ਼ਤ ਮਚ ਗਈ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌ/ਤ ਹੋ ਗਈ ਅਤੇ 14 ਹੋਰ ਜ਼ਖਮੀ ਹੋਏ ਹਨ। ਦੋ ਤੋਂ ਤਿੰਨ ਹੋਰ ਯਾਤਰੀਆਂ ਦੇ ਡੱਬਿਆਂ ਵਿੱਚ ਫਸਣ ਦੀ ਸੰਭਾਵਨਾ ਹੈ।
ਟੱਕਰ ਦੇ ਕਾਰਨ ਦੋਵਾਂ ਰੇਲਗੱਡੀਆਂ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਯਾਤਰੀਆਂ ਵਿੱਚ ਭਾਰੀ ਦਹਿਸ਼ਤ ਮਚ ਗਈ ਅਤੇ ਲੋਕ ਚੀਕਾਂ ਮਾਰਦੇ ਰਹੇ। ਮਾਲ ਗੱਡੀ ਦੇ ਗਾਰਡ ਨੇ ਤੇਜ਼ ਰਫ਼ਤਾਰ ਟ੍ਰੇਨ ਦੇ ਆਉਣ ‘ਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਰੇਲਵੇ ਨੇ ਮ੍ਰਿ/ਤਕ ਪਰਿਵਾਰਾਂ ਨੂੰ 10 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 5 ਲੱਖ ਰੁਪਏ ਅਤੇ ਮਾਮੂਲੀ ਜ਼ਖਮਾਂ ਵਾਲੇ ਯਾਤਰੀਆਂ ਨੂੰ 1 ਲੱਖ ਰੁਪਏ ਦੀ ਮਦਦ ਰਕਮ ਦੇਣ ਦਾ ਐਲਾਨ ਕੀਤਾ। ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂ ਦੇਵ ਸਾਈ ਨੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦਾ ਮੁਆਵਜ਼ਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੇਲਵੇ ਟੀਮਾਂ ਰਾਹਤ ਕਾਰਜਾਂ ਵਿੱਚ ਸਰਗਰਮ ਹਨ।
ਸਥਾਨਕ ਲੋਕਾਂ ਅਤੇ ਯਾਤਰੀਆਂ ਦੇ ਅਨੁਸਾਰ ਟ੍ਰੇਨ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ, ਜਦੋਂ ਇਹ ਹਾਦਸਾ ਘਟਿਆ। ਨੇੜਲੇ ਪਿੰਡਾਂ ਦੇ ਵਾਸੀਆਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ ਨਾਲ ਲਗਭਗ 12 ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।














