ਅੱਜ ਦੀ ਆਵਾਜ਼ | 1 ਮਈ 2025
ਕੀ 1 ਮਈ ਨੂੰ ਗੈਸ ਸਿਲੰਡਰ ਦੀ ਕੀਮਤ ‘ਚ ਹੋਇਆ ਵੱਡਾ ਧਮਾਕਾ? ਜਾਣੋ ਕਿਹੜੇ ਸਿਲੰਡਰ ਹੋਏ ਸਸਤੇ, ਤੇ ਕਿਹੜਿਆਂ ਨੂੰ ਨਹੀਂ ਮਿਲੀ ਰਾਹਤ
1 ਮਈ ਨੂੰ ਆਮ ਲੋਕਾਂ ਲਈ ਹੱਲਕੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਹੋਰ ਵਧ ਰਹੀਆਂ ਮਹਿੰਗਾਈਆਂ ਦੇ ਵਿਚਕਾਰ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ‘ਚ ਕੱਟ ਕੀਤੀ ਗਈ ਹੈ। ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ 15 ਰੁਪਏ ਸਸਤਾ ਹੋ ਗਿਆ ਹੈ, ਜਿਸ ਨਾਲ ਹੁਣ ਇਹ 1747 ਰੁਪਏ ਵਿੱਚ ਉਪਲਬਧ ਹੈ। ਅਪ੍ਰੈਲ ਵਿੱਚ ਇਹ 1762 ਰੁਪਏ ਦਾ ਸੀ। ਹਾਲਾਂਕਿ, ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਗਈ। ਦਿੱਲੀ ਵਿੱਚ ਘਰੇਲੂ ਐਲਪੀਜੀ 853 ਰੁਪਏ, ਕੋਲਕਾਤਾ ਵਿੱਚ 879 ਰੁਪਏ, ਮੁੰਬਈ ਵਿੱਚ 852.50 ਰੁਪਏ ਅਤੇ ਚੇਨਈ ਵਿੱਚ 868.50 ਰੁਪਏ ‘ਤੇ ਹੀ ਟਿਕੀ ਹੋਈ ਹੈ।
ਅਜਿਹਾ ਨਹੀਂ ਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ਹਮੇਸ਼ਾ ਸਥਿਰ ਰਹੀ ਹੋਵੇ — 8 ਅਪ੍ਰੈਲ ਨੂੰ ਸਰਕਾਰ ਨੇ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ‘ਚ 50 ਰੁਪਏ ਦਾ ਵਾਧਾ ਕੀਤਾ ਸੀ। ਦੇਸ਼ ਵਿੱਚ ਇਸ ਵੇਲੇ 32.9 ਕਰੋੜ ਐਲਪੀਜੀ ਕੁਨੈਕਸ਼ਨ ਹਨ, ਜਿਨ੍ਹਾਂ ਵਿੱਚੋਂ 10.33 ਕਰੋੜ ਉੱਜਵਲਾ ਯੋਜਨਾ ਤਹਿਤ ਆਉਂਦੇ ਹਨ। ਉੱਜਵਲਾ ਲਾਭਪਾਤਰੀਆਂ ਨੂੰ ਹਰ ਸਿਲੰਡਰ ‘ਤੇ 300 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਨੇ ਵਿੱਤੀ ਸਾਲ 2025-26 ਦੇ ਬਜਟ ਵਿੱਚ ਐਲਪੀਜੀ ਸਬਸਿਡੀ ਲਈ 11,100 ਕਰੋੜ ਰੁਪਏ ਰਾਖਵੇਂ ਕੀਤੇ ਹਨ।
