ਵੋਡਾਫੋਨ ਆਈਡੀਆ ਨੂੰ ਕੇਂਦਰ ਸਰਕਾਰ ਦੀ ਵੱਡੀ ਰਾਹਤ: AGR ਬਕਾਇਆ, ਵਿਆਜ ਅਤੇ ਜੁਰਮਾਨਿਆਂ ‘ਚ ਛੂਟ ਪੈਕੇਜ ਮਨਜ਼ੂਰ

11

31 ਦਸੰਬਰ, 2025 ਅਜ ਦੀ ਆਵਾਜ਼

Business Desk:  ਕੇਂਦਰ ਸਰਕਾਰ ਨੇ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ (Vi) ਨੂੰ ਵੱਡੀ ਰਾਹਤ ਦਿੰਦਿਆਂ ਉਸਦੇ ਏਡਜਸਟਡ ਗ੍ਰੋਸ ਰੈਵਨਿਊ (AGR) ਬਕਾਏ ਨਾਲ ਜੁੜੇ ਰਾਹਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਕੇਂਦਰੀ ਕੈਬਨਿਟ ਨੇ AGR ਬਕਾਏ ਦੀ ਅਦਾਇਗੀ ਨੂੰ ਪੰਜ ਸਾਲਾਂ ਲਈ ਟਾਲਣ ਦੇ ਫੈਸਲੇ ‘ਤੇ ਮੋਹਰ ਲਾ ਦਿੱਤੀ ਹੈ। ਇਸ ਸੰਬੰਧੀ ਸਰਕਾਰੀ ਐਲਾਨ ਅੱਜ ਦੁਪਹਿਰ 3 ਵਜੇ ਕੀਤਾ ਜਾਣਾ ਹੈ।

ਰਿਪੋਰਟਾਂ ਅਨੁਸਾਰ, ਸਰਕਾਰ ਨੇ AGR ਬਕਾਏ ‘ਤੇ ਲੱਗਣ ਵਾਲੇ ਵਿਆਜ, ਜੁਰਮਾਨੇ ਅਤੇ ਜੁਰਮਾਨੇ ‘ਤੇ ਵਿਆਜ ਵਿੱਚ ਅੰਸ਼ਕ ਛੂਟ ਦੇਣ ‘ਤੇ ਵੀ ਸਹਿਮਤੀ ਜਤਾਈ ਹੈ। ਇਸ ਕਦਮ ਨਾਲ ਕੰਪਨੀ ‘ਤੇ ਵਿੱਤੀ ਦਬਾਅ ਘਟਣ ਦੀ ਉਮੀਦ ਜਤਾਈ ਜਾ ਰਹੀ ਹੈ।

ਬਰੋਕਰੇਜ ਫਰਮ CLSA ਦੇ ਅਨੁਸਾਰ, Q2FY26 ਤੱਕ ਵੋਡਾਫੋਨ ਆਈਡੀਆ ਦਾ ਕੁੱਲ AGR ਬਕਾਇਆ ਲਗਭਗ 780 ਅਰਬ ਰੁਪਏ (ਕਰੀਬ 8.7 ਅਰਬ ਡਾਲਰ) ਸੀ। CLSA ਨੇ ਕਿਹਾ ਹੈ ਕਿ ਜੇਕਰ ਵਿਆਜ ਅਤੇ ਪੈਨਲਟੀ ‘ਚ ਵੱਡੀ ਰਾਹਤ ਮਿਲਦੀ ਹੈ, ਤਾਂ ਕੰਪਨੀ ਨੂੰ ਲਗਭਗ 8 ਅਰਬ ਡਾਲਰ ਤੱਕ ਦੀ ਵਿੱਤੀ ਸਹਾਇਤਾ ਵਰਗੀ ਰਾਹਤ ਮਿਲ ਸਕਦੀ ਹੈ।

ਸਰਕਾਰ ਦੇ ਇਸ ਫੈਸਲੇ ਨੂੰ ਵੋਡਾਫੋਨ ਆਈਡੀਆ ਦੀ ਕਮਜ਼ੋਰ ਹੋ ਰਹੀ ਵਿੱਤੀ ਸਥਿਤੀ ਨੂੰ ਸੰਭਾਲਣ ਵੱਲ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਕੰਪਨੀ ਨੂੰ ਸਾਹ ਲੈਣ ਦਾ ਮੌਕਾ ਮਿਲੇਗਾ, ਸਗੋਂ ਭਾਰਤੀ ਟੈਲੀਕਾਮ ਖੇਤਰ ਵਿੱਚ ਮੁਕਾਬਲੇ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਮਿਲਣ ਦੀ ਸੰਭਾਵਨਾ ਹੈ।