ਜਲੰਧਰ 28 Oct 2025 AJ DI Awaaj
Punjab Desk : ਜਲੰਧਰ ਦੀ ਅਦਾਲਤ ਨੇ ਅੱਤਵਾਦੀ ਜਗਤਾਰ ਸਿੰਘ ਤਾਰਾ ਨੂੰ ਵੱਡੀ ਰਾਹਤ ਦਿੰਦਿਆਂ ਬਰੀ ਕਰ ਦਿੱਤਾ ਹੈ। ਇਹ ਮਾਮਲਾ ਸਾਲ 2009 ਦਾ ਹੈ, ਜਦੋਂ ਭੋਗਪੁਰ ਥਾਣੇ ਵਿੱਚ ਉਸਦੇ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਅਸਲਾ ਐਕਟ ਦੀਆਂ ਧਾਰਾਵਾਂ 17, 18 ਅਤੇ 20 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਸ਼ੁੱਕਰਵਾਰ ਨੂੰ ਜਗਤਾਰ ਸਿੰਘ ਤਾਰਾ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਪੇਸ਼ ਕੀਤਾ ਗਿਆ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕੁਮਾਰ ਬੇਰੀ ਦੀ ਅਦਾਲਤ ਨੇ ਦੋਸ਼ ਸਾਬਤ ਨਾ ਹੋਣ ਕਾਰਨ ਉਸਨੂੰ ਬਰੀ ਕਰਨ ਦਾ ਹੁਕਮ ਦਿੱਤਾ। ਤਾਰਾ ਦੀ ਪੱਖੋਂ ਵਕੀਲ ਐਸ.ਕੇ.ਐਸ. ਹੁੰਦਲ ਨੇ ਮਾਮਲੇ ਦੀ ਪੇਸ਼ੀ ਕੀਤੀ।
ਦੱਸ ਦੇਈਏ ਕਿ ਇਹ ਕੇਸ 28 ਸਤੰਬਰ 2009 ਨੂੰ ਦਰਜ ਕੀਤਾ ਗਿਆ ਸੀ। ਪੁਲਿਸ ਨੇ ਉਸ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਲਈ ਫੰਡਿੰਗ ਦੇ ਦੋਸ਼ ਲਗਾਏ ਸਨ, ਪਰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਉਸਨੂੰ ਬੇਦੋਸ਼ ਕਰਾਰ ਦਿੱਤਾ।














