ਜੱਗੂ ਭਗਵਾਨਪੁਰੀਆ ਨੂੰ ਵੱਡੀ ਰਾਹਤ, ਟਾਰਗੇਟ ਕਿ*ਲਿੰਗ ਕੇਸ ਵਿੱਚ ਮੋਹਾਲੀ ਕੋਰਟ ਵੱਲੋਂ ਬਰੀ

45

Mohali 14 Jan 2026 AJ DI Awaaj

Punjab Desk : ਪੰਜਾਬ ਵਿੱਚ ਟਾਰਗੇਟ ਕਿ*ਲਿੰਗ ਰਾਹੀਂ ਦਹਿਸ਼ਤ ਫੈਲਾਉਣ ਨਾਲ ਜੁੜੇ ਇੱਕ ਹਾਈ-ਪ੍ਰੋਫਾਈਲ ਮਾਮਲੇ ਵਿੱਚ ਮੋਹਾਲੀ ਦੀ ਸਪੈਸ਼ਲ ਕੋਰਟ ਨੇ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਉਸ ਨੂੰ ਤਿੰਨ ਸਾਲ ਪੁਰਾਣੇ ਮਾਮਲੇ ਤੋਂ ਬਰੀ ਕਰ ਦਿੱਤਾ ਹੈ।

ਹਾਲਾਂਕਿ, ਇਸ ਮਾਮਲੇ ਵਿੱਚ ਉਸ ਦੇ ਤਿੰਨ ਸਾਥੀਆਂ—ਜਸਪਾਲ ਸਿੰਘ ਉਰਫ਼ ਹਨੀ, ਯੁਵਰਾਜ ਸਿੰਘ ਉਰਫ਼ ਛੀਨਾ ਅਤੇ ਨਿਸ਼ਾਨ ਸਿੰਘ—ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਚੱਲੇਗਾ। ਅਦਾਲਤ ਨੇ ਕਿਹਾ ਕਿ ਜਾਂਚ ਦੌਰਾਨ ਜੱਗੂ ਭਗਵਾਨਪੁਰੀਆ ਦੇ ਖ਼ਿਲਾਫ਼ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਉਸ ਨੂੰ ਪ੍ਰੋਸਿਕਿਊਸ਼ਨ ਦੀ ਮਨਜ਼ੂਰੀ ਮਿਲੀ।

ਇਹ ਕੇਸ UAPA ਦੀਆਂ ਧਾਰਾਵਾਂ 17, 18 ਅਤੇ 20, ਭਾਰਤੀ ਦੰਡ ਸੰਹਿਤਾ ਦੀ ਧਾਰਾ 120-ਬੀ ਅਤੇ ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਸੀ। ਪੰਜਾਬ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ 2022 ਵਿੱਚ ਖੁਫੀਆ ਸੂਚਨਾ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਸੀ। ਦੋਸ਼ ਸੀ ਕਿ ਜੱਗੂ ਭਗਵਾਨਪੁਰੀਆ ਆਪਣੇ ਸਾਥੀਆਂ ਸਮੇਤ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਕੁਝ ਹਿੰਦੂ ਆਗੂਆਂ ਨੂੰ ਟਾਰਗੇਟ ਕਰਨ ਦੀ ਸਾਜ਼ਿਸ਼ ਰਚੀ ਗਈ ਸੀ।

ਜਾਂਚ ਦੌਰਾਨ ਯੁਵਰਾਜ ਸਿੰਘ ਅਤੇ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ .32 ਬੋਰ ਦਾ ਪਿਸ*ਤੌਲ, ਚਾਰ ਕਾ*ਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੀ ਗਈ। ਮੋਬਾਈਲ ਫੋਨਾਂ ਦੀ ਜਾਂਚ ਤੋਂ ਬਾਅਦ ਜਸਪਾਲ ਸਿੰਘ ਉਰਫ਼ ਹਨੀ ਦਾ ਨਾਮ ਸਾਹਮਣੇ ਆਇਆ, ਜਿਸ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਜਾਂਚ ਵਿੱਚ ਸ਼ਾਮਲ ਕੀਤਾ ਗਿਆ, ਪਰ ਉਸ ਦੇ ਖ਼ਿਲਾਫ਼ ਕੋਈ ਬਰਾਮਦਗੀ ਨਹੀਂ ਹੋਈ।

ਅਦਾਲਤ ਨੇ ਕਿਹਾ ਕਿ ਜੱਗੂ ਖ਼ਿਲਾਫ਼ ਸਿਰਫ਼ ਪੁਲਿਸ ਦੇ ਸਾਹਮਣੇ ਦਿੱਤਾ ਗਿਆ ਕਬੂਲਨਾਮਾ ਹੀ ਮੌਜੂਦ ਹੈ, ਜੋ ਕਿ ਇੰਡੀਅਨ ਐਵੀਡੈਂਸ ਐਕਟ ਦੀ ਧਾਰਾ 25 ਤਹਿਤ ਕਾਨੂੰਨੀ ਤੌਰ ’ਤੇ ਮੰਨਣਯੋਗ ਨਹੀਂ। ਮਨਜ਼ੂਰੀ ਦੇਣ ਵਾਲੀ ਅਥਾਰਟੀ ਨੇ ਵੀ ਆਪਣੀ ਰਿਪੋਰਟ ਵਿੱਚ ਸਪਸ਼ਟ ਕੀਤਾ ਕਿ ਪੁਲਿਸ ਦੇ ਇਕਬਾਲੀਆ ਬਿਆਨ ਤੋਂ ਇਲਾਵਾ ਜੱਗੂ ਖ਼ਿਲਾਫ਼ ਹੋਰ ਕੋਈ ਸਬੂਤ ਨਹੀਂ ਹੈ। ਇਸ ਆਧਾਰ ’ਤੇ ਅਦਾਲਤ ਨੇ ਉਸ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।

ਹਨੀ ਅਤੇ ਛੀਨਾ ਅਦਾਲਤ ਵਿੱਚ ਪੇਸ਼ ਹੋਏ, ਜਦਕਿ ਨਿਸ਼ਾਨ ਸਿੰਘ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ। ਤਿੰਨਾਂ ਨੇ ਆਪਣੇ ਆਪ ਨੂੰ ਬੇਦੋਸ਼ ਦੱਸਦੇ ਹੋਏ ਟ੍ਰਾਇਲ ਦੀ ਮੰਗ ਕੀਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਜਨਵਰੀ 2026 ਨੂੰ ਹੋਵੇਗੀ।