17 ਦਸੰਬਰ, 2025 ਅਜ ਦੀ ਆਵਾਜ਼
ਐਂਟਰਟੇਨਮੈਂਟ ਡੈਸਕ :ਅਦਾਕਾਰਾ ਆਇਸ਼ਾ ਖਾਨ, ਜੋ ਹਾਲ ਹੀ ਵਿੱਚ ਫਿਲਮ ‘ਧੁਰੰਧਰ’ ਅਤੇ ਗੀਤਾਂ ‘ਸ਼ਰਾਰਤ’ ਅਤੇ ‘ਕਿਸ ਕਿਸਕੋ ਪਿਆਰ ਕਰੂੰ 2’ ਨਾਲ ਖ਼ੂਬ ਚਰਚਾ ਵਿੱਚ ਹੈ, ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ। ਪਰ ਇਸ ਵਾਰ ਉਹ ਆਪਣੇ ਕੰਮ ਨਹੀਂ, ਸਗੋਂ ਇੱਕ ਟੀਵੀ ਸ਼ੋਅ ਦੌਰਾਨ ਹੋਈ ਟਿੱਪਣੀ ਕਾਰਨ ਸੁਰਖੀਆਂ ਵਿੱਚ ਆ ਗਈ ਹੈ।
ਬੀਤੇ ਦਿਨੀਂ ਆਇਸ਼ਾ ਖਾਨ ਕਲਰਜ਼ ਟੀਵੀ ਦੇ ਕਾਮੇਡੀ ਸ਼ੋਅ ‘ਲਾਫਟਰ ਸ਼ੈੱਫ ਸੀਜ਼ਨ 2’ ਵਿੱਚ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਪਹੁੰਚੀ ਸੀ। ਇਸ ਦੌਰਾਨ ਕਾਮੇਡੀਅਨ ਭਾਰਤੀ ਸਿੰਘ ਨੇ ਮਜ਼ਾਕੀਆ ਲਹਜੇ ਵਿੱਚ ਆਇਸ਼ਾ ਦੀ ਬੌਡੀ ਨੂੰ ਲੈ ਕੇ ਐਸੀ ਟਿੱਪਣੀ ਕਰ ਦਿੱਤੀ, ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ।
ਦਰਅਸਲ, ਸ਼ੋਅ ਵਿੱਚ ਆਇਸ਼ਾ ਨੂੰ ਦੇਖ ਕੇ ਭਾਰਤੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਾ ਸਾਹਮਣੇ ਤੋਂ ਕ੍ਰਿਸ਼ਨਾ ਅਭਿਸ਼ੇਕ ਆ ਰਿਹਾ ਹੈ। ਇਥੇ ਹੀ ਨਹੀਂ, ਭਾਰਤੀ ਨੇ ਅੱਗੇ ਕਹਿ ਦਿੱਤਾ, “ਮੈਂ ਪ੍ਰੈਗਨੈਂਟ ਹਾਂ ਨਾ।” ਭਾਵੇਂ ਸੈੱਟ ’ਤੇ ਇਸ ਗੱਲ ’ਤੇ ਹਾਸਾ ਹੋਇਆ ਅਤੇ ਆਇਸ਼ਾ ਸਿਰਫ਼ ਮੁਸਕਰਾਉਂਦੀ ਰਹੀ, ਪਰ ਇਹ ਮਜ਼ਾਕ ਦਰਸ਼ਕਾਂ ਨੂੰ ਰਾਸ ਨਹੀਂ ਆਇਆ।
ਸ਼ੋਅ ਦਾ ਇਹ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਨੇ ਭਾਰਤੀ ਸਿੰਘ ਨੂੰ ਤਿੱਖੀ ਆਲੋਚਨਾ ਦਾ ਨਿਸ਼ਾਨਾ ਬਣਾਇਆ। ਕਈ ਲੋਕਾਂ ਨੇ ਇਸ ਟਿੱਪਣੀ ਨੂੰ ਬੌਡੀਸ਼ੇਮਿੰਗ ਕਰਾਰ ਦਿੰਦਿਆਂ ਕਿਹਾ ਕਿ ਮਜ਼ਾਕ ਦੇ ਨਾਂ ’ਤੇ ਇੱਕ ਮਹਿਲਾ ਮਹਿਮਾਨ ਦੀ ਬੇਇੱਜ਼ਤੀ ਕੀਤੀ ਗਈ। ਰੈਡਿਟ ਅਤੇ ਹੋਰ ਪਲੇਟਫਾਰਮਾਂ ’ਤੇ ਭਾਰਤੀ ਨੂੰ ‘ਮੀਨ’ ਅਤੇ ‘ਰੂਡ’ ਤੱਕ ਕਿਹਾ ਜਾ ਰਿਹਾ ਹੈ।
ਕੁਝ ਯੂਜ਼ਰਸ ਨੇ ਲਿਖਿਆ ਕਿ ਆਇਸ਼ਾ ਲਈ ਇਹ ਪਲ ਕਾਫ਼ੀ ਅਸਹਿਜ ਸੀ, ਜਦਕਿ ਹੋਰਾਂ ਦਾ ਕਹਿਣਾ ਹੈ ਕਿ ਭਾਰਤੀ ਸਿੰਘ ਅਕਸਰ ਸ਼ੋਅਜ਼ ਵਿੱਚ ਮਹਿਲਾਵਾਂ ਨਾਲ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੀ ਰਹੀ ਹੈ। ਇਸ ਮਾਮਲੇ ਤੋਂ ਬਾਅਦ ਇਕ ਵਾਰ ਫਿਰ ਟੀਵੀ ਕਾਮੇਡੀ ਵਿੱਚ ਹੱਦਾਂ ਅਤੇ ਸੰਵੇਦਨਸ਼ੀਲਤਾ ਨੂੰ ਲੈ ਕੇ ਸਵਾਲ ਉੱਠਣ ਲੱਗ ਪਏ ਹਨ।














