ਬਰਸਾਤ ਵਿੱਚ ਬਚਾਅ ਲਈ ਜਾਗਰੂਕ ਰਹੋ: ਸਿਵਲ ਸਰਜਨ

34

ਫਾਜ਼ਿਲਕਾ 14 ਜੁਲਾਈ 2025 AJ Di Awaaj

Punjab Desk : ਬਰਸਾਤੀ ਮੌਸਮ ਦੇ ਮੱਦੇਨਜ਼ਰ ਸਿਵਲ ਸਰਜਨ ਡਾਕਟਰ ਰਾਜ ਕੁਮਾਰ ਦੀ ਉਚੇਚੀ ਨਿਗਰਾਨੀ ਵਿੱਚ ਡਾਕਟਰ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡੀਮੋਲੋਜਿਸਟ ਨੇ ਲੋਕਾਂ ਨੂੰ ਅਗਾਹ ਕਰਦਿਆਂ ਕਿਹਾ ਕਿ ਵਰਖਾ ਰੁੱਤ ਦੌਰਾਨ ਦੂਸ਼ਿਤ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਹੈਜ਼ਾ, ਟਾਈਫਾਇਡ, ਡਾਇਰੀਆ, ਪੀਲੀਆ ਆਦਿ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸੇ ਤਰ੍ਹਾਂ ਇਸ ਮੌਸਮ ਵਿੱਚ ਮੱਛਰਾਂ ਦੇ ਕੱਟਣ ਨਾਲ ਡੇਂਗੂ, ਚਿਕਨਗੁਨੀਆ, ਮਲੇਰੀਆ ਦਾ ਖ਼ਤਰਾ ਵੱਧ ਜਾਂਦਾ ਹੈ। ਇਨ੍ਹਾਂ ਤੋਂ ਬਚਾਅ ਲਈ ਹਰੇਕ ਵਿਅਕਤੀ ਨੂੰ ਜਾਗਰੂਕ ਹੋ ਕੇ ਸੁਚੇਤ ਰਹਿਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਵਰਤੋਂ ਵੱਲ ਵਿਸ਼ੇਸ਼ ਧਿਆਨ ਰੱਖਣ ਦੀ ਜਰੂਰਤ ਹੁੰਦੀ ਹੈ। ਅਜਿਹੇ ਵਿੱਚ ਘਰ ‘ਚ ਤਿਆਰ ਕੀਤੇ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ, ਬਾਹਰੀ ਖਾਣੇ ਅਤੇ ਜੰਕ-ਫੂਡ ਤੋਂ ਪ੍ਰਹੇਜ ਕਰੋ। ਖਾਣ-ਪੀਣ ਦੀਆਂ ਚੀਜ਼ਾਂ ਨੂੰ ਢੱਕ ਕੇ ਰੱਖੋ, ਪਾਣੀ ਉਬਾਲ ਕੇ ਪੀਓ ਜਾਂ ਫਿਰ ਪੀਣ ਲਈ ਫਿਲਟਰ ਕੀਤੇ ਹੋਏ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪੀਣ ਵਾਲੇ ਪਾਣੀ ਨੂੰ ਸਾਫ ਕਰਨ ਲਈ ਲੋਕਾਂ ਨੂੰ ਕਲੋਰੀਨ ਦੀਆਂ ਗੋਲੀਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਕਲੇਰੀਨ ਦੀ ਇੱਕ ਗੋਲੀ 20 ਲੀਟਰ ਪਾਣੀ ਸਾਫ਼ ਕਰਨ ਲਈ ਕਾਫੀ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਉੱਚ ਬੁਖਾਰ, ਥਕਾਵਟ, ਉਲਟੀ ਜਾਂ ਪੇਟ ਦੀ ਤਕਲੀਫ਼ ਹੋਵੇ ਤਾਂ ਤੁਰੰਤ ਨਜ਼ਦੀਕੀ ਸੰਸਥਾ ਨਾਲ ਸੰਪਰਕ ਕਰਕੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹਰ ਸਰਕਾਰੀ ਸਿਹਤ ਸੰਸਥਾ ਵਿਖੇ ਓ.ਆਰ.ਐੱਸ. ਕਾਰਨਰ ਵੀ ਬਣਾਏ ਗਏ ਹਨ, ਜਿੱਥੇ ਓ.ਆਰ.ਐੱਸ. ਦਾ ਘੋਲ ਤਿਆਰ ਕਰਨ ਦੀ ਵਿਧੀ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਓ.ਆਰ.ਐੱਸ. ਦੇ ਪੈਕੇਟ ਵੰਡੇ ਜਾ ਰਹੇ ਹਨ। ਆਸ਼ਾ ਵਰਕਰਜ਼ ਵੱਲੋਂ ਵੀ ਘਰ-ਘਰ ਜਾ ਕੇ ਓ.ਆਰ.ਐੱਸ. ਦੇ ਪੈਕੇਟ ਵੰਡੇ ਜਾ ਰਹੇ ਹਨ। ਉਹਨਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਮੱਛਰ ਦੇ ਕੱਟਣ ਨਾਲ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬੁਖਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਆਪਣੇ ਘਰਾਂ ਅਤੇ ਕੰਮਕਾਜੀ ਸਥਾਨਾਂ ਦੇ ਆਲੇ-ਦੁਆਲੇ ਪਾਣੀ ਜਮ੍ਹਾ ਨਾ ਹੋਣ ਦਿਓ। ਉਨਾਂ ਕਿਹਾ ਕਿ ਕੂਲਰਾਂ ਵਿੱਚਲਾ ਪਾਣੀ ਹਫ਼ਤੇ ਵਿੱਚ ਇਕ ਵਾਰ ਜਰੂਰ ਬਦਲਿਆ ਜਾਵੇ, ਗਮਲਿਆਂ, ਟੁੱਟੇ-ਭੱਜੇ ਬਰਤਨਾਂ, ਘਰਾਂ-ਦਫਤਰਾਂ ਦੀਆਂ ਛੱਤਾਂ ‘ਤੇ ਰੱਖੇ ਟਾਇਰਾਂ ਆਦਿ ਥਾਵਾਂ ਉੱਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਪੰਛੀਆਂ ਦੇ ਪਾਣੀ ਪੀਣ ਲਈ ਰੱਖੇ ਬਰਤਨਾਂ ਵਿਚਲਾ ਪਾਣੀ ਵੀ ਜਰੂਰ ਬਦਲਦੇ ਰਹਿਣਾ ਚਾਹੀਦਾ ਹੈ। ਡੇਂਗੂ ਤੋਂ ਬਚਾਅ ਲਈ ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢੱਕਿਆ ਰਹੇ, ਸੋਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕੀਤਾ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚ ਖੂਨ ਦਾ ਵੱਗਣਾ ਆਦਿ ਦੇ ਲੱਛਣ ਦਿੱਸਣ ਤਾਂ ਇਹ ਡੇਂਗੂ ਬੁਖਾਰ ਹੋ ਸਕਦਾ ਹੈ। ਅਜਿਹੀ ਹਾਲਤ ਵਿੱਚ ਜਲਦ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਸੰਪਰਕ ਕਰਕੇ ਡਾਕਟਰੀ ਸਲਾਹ ਮੁਤਾਬਕ ਜਾਂਚ ਅਤੇ ਇਲਾਜ ਕਰਵਾਇਆ ਜਾਵੇ