ਬਠਿੰਡਾ ਅਦਾਲਤ ਦਾ ਸਖ਼ਤ ਫੈਸਲਾ: ਜਬਰ-ਜ਼ਨਾਹ ਮਾਮਲੇ ‘ਚ ASI ਨੂੰ ਉਮਰ ਕੈਦ

18

ਬਠਿੰਡਾ 12  Feb 2026 AJ DI Awaaj

Punjab Desk : ਬਠਿੰਡਾ ਦੀ ਅਦਾਲਤ ਨੇ ਚਾਰ ਸਾਲ ਪੁਰਾਣੇ ਜਬਰ-ਜ਼ਨਾਹ ਮਾਮਲੇ ਵਿੱਚ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਉਸ ਵੇਲੇ ਦੇ ਸੀਆਈਏ ਸਟਾਫ ਵਿੱਚ ਤਾਇਨਾਤ ਏਐੱਸਆਈ ਗੁਰਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਸਾਲ 2021 ਦਾ ਹੈ, ਜਿਸ ਨੇ ਉਸ ਸਮੇਂ ਸੂਬੇ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਵਿੱਚ ਵੀ ਚਰਚਾ ਜਨਮ ਦਿੱਤੀ ਸੀ।

ਮਾਮਲੇ ਦੀ ਪਿਛੋਕੜ

ਪੀੜਤਾ ਦੇ ਅਨੁਸਾਰ, ਦੋਸ਼ੀ ਅਧਿਕਾਰੀ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਬਣਾਉਂਦਾ ਸੀ। ਇਨਕਾਰ ਕਰਨ ‘ਤੇ 6 ਮਈ 2021 ਨੂੰ ਉਸ ਨੇ ਪੁਲਿਸ ਪਾਰਟੀ ਸਮੇਤ ਉਸਦੇ ਪੁੱਤਰ ਮਨਪ੍ਰੀਤ ਸਿੰਘ ਖ਼ਿਲਾਫ਼ ਐਨਡੀਪੀਐਸ ਐਕਟ ਅਧੀਨ ਝੂਠਾ ਕੇਸ ਦਰਜ ਕਰ ਦਿੱਤਾ। ਇਸ ਦੌਰਾਨ ਘਰ ਵਿੱਚੋਂ ਨਕਦੀ ਰਕਮ ਲੈ ਜਾਣ ਦੇ ਵੀ ਦੋਸ਼ ਲਗੇ।

ਪੀੜਤਾ ਨੇ ਦੱਸਿਆ ਕਿ ਬਾਅਦ ਵਿੱਚ ਏਐੱਸਆਈ ਨੇ ਫ਼ੋਨ ਕਰਕੇ ਕਿਹਾ ਕਿ ਉਹ ਉਸਦੇ ਪੁੱਤਰ ਨੂੰ ਮਾਮਲੇ ਤੋਂ ਬਚਾ ਸਕਦਾ ਹੈ। 10 ਮਈ ਨੂੰ ਉਸ ਨੇ ਗੱਡੀ ਵਿੱਚ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਉਸ ਨੇ ਬਲੈਕਮੇਲ ਕਰਦਿਆਂ ਅਗਲੇ ਦਿਨ ਘਰ ਆਉਣ ਦੀ ਜ਼ਿੱਦ ਕੀਤੀ। 11 ਮਈ 2021 ਦੀ ਰਾਤ ਨੂੰ ਜਦੋਂ ਉਹ ਮਹਿਲਾ ਦੇ ਘਰ ਪਹੁੰਚਿਆ ਤਾਂ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਉਸਨੂੰ ਰੰਗੇ ਹੱਥੀਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਅਦਾਲਤੀ ਕਾਰਵਾਈ

ਪੀੜਤ ਪੱਖ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਗੁਰਪ੍ਰੀਤ ਸਿੰਘ ਭਸੀਨ ਨੇ ਕੇਸ ਦੀ ਪੈਰਵਾਈ ਕੀਤੀ। ਅਡੀਸ਼ਨਲ ਸੈਸ਼ਨ ਜੱਜ ਰਜੇਸ਼ ਕੁਮਾਰ ਦੀ ਅਦਾਲਤ ਵਿੱਚ ਪੀੜਤਾ ਦਾ ਪੱਖ ਮਜ਼ਬੂਤੀ ਨਾਲ ਰੱਖਦਿਆਂ ਦੋਸ਼ੀ ਲਈ ਕੜੀ ਤੋਂ ਕੜੀ ਸਜ਼ਾ ਦੀ ਮੰਗ ਕੀਤੀ ਗਈ। ਸਾਰੇ ਤੱਥਾਂ ਅਤੇ ਸਬੂਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।

ਇਸ ਫੈਸਲੇ ਨੂੰ ਕਾਨੂੰਨ ਦੇ ਰਾਜ ਅਤੇ ਪੀੜਤਾਂ ਲਈ ਇਨਸਾਫ਼ ਦੇ ਤੌਰ ‘ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।