ਬਰਨਾਲਾ: ਬਾਹਰੀ ਆਨਲਾਈਨ ਕੈਬਾਂ ‘ਤੇ ਰੋਕ ਦੀ ਟੈਕਸੀ ਯੂਨੀਅਨ ਵੱਲੋਂ ਮੰਗ

31

ਬਰਨਾਲਾ, 21 ਜੁਲਾਈ 2025 Aj Di Awaaj

Punjab Desk — ਆਜ਼ਾਦ ਟੈਕਸੀ ਯੂਨੀਅਨ ਪੰਜਾਬ ਵੱਲੋਂ ਬਰਨਾਲਾ ਵਿਖੇ ਇੱਕ ਵਿਸ਼ੇਸ਼ ਤੂਫਾਨੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਟੈਕਸੀ ਡਰਾਈਵਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਬਾਹਰੀ ਆਨਲਾਈਨ ਕੈਬ ਸੇਵਾਵਾਂ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ।

ਯੂਨੀਅਨ ਨੇ ਦਲੀਲ ਦਿੱਤੀ ਕਿ ਇਕਤਰਫਾ ਪਿਕ ਐਂਡ ਡਰਾਪ ਸਿਸਟਮ ਅਤੇ ਬਾਹਰੀ ਸ਼ਹਿਰਾਂ ਤੋਂ ਆਉਣ ਵਾਲੀਆਂ ਆਨਲਾਈਨ ਟੈਕਸੀਆਂ ਸਿਰਫ਼ ਸਥਾਨਕ ਟੈਕਸੀ ਕਾਰੋਬਾਰ ਨੂੰ ਨੁਕਸਾਨ ਨਹੀਂ ਪਹੁੰਚਾ ਰਹੀਆਂ, ਸਗੋਂ ਸਵਾਰੀਆਂ ਦੀ ਸੁਰੱਖਿਆ ਵੀ ਖਤਰੇ ਵਿੱਚ ਪਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅਣਜਾਣ ਆਨਲਾਈਨ ਗੱਡੀਆਂ ਵਿੱਚ ਵਾਪਰੀਆਂ ਵਾਰਦਾਤਾਂ ਕਾਰਨ ਲੋਕਾਂ ਦਾ ਭਰੋਸਾ ਹਿਲ ਰਿਹਾ ਹੈ।

ਯੂਨੀਅਨ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਨਾਲ ਜੁੜੀਆਂ ਸਾਰੀਆਂ ਗੱਡੀਆਂ ਅਤੇ ਡਰਾਈਵਰ ਪੂਰੀ ਤਰ੍ਹਾਂ ਕਾਨੂੰਨੀ ਦਸਤਾਵੇਜ਼ਾਂ ਨਾਲ ਲੈਸ ਹਨ ਅਤੇ ਸਵਾਰੀਆਂ ਨੂੰ ਭਰੋਸੇਮੰਦ ਸੇਵਾ ਮੁਹੱਈਆ ਕਰਵਾ ਰਹੇ ਹਨ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਬਿਨਾਂ ਇਜਾਜ਼ਤ ਬਾਹਰੀ ਆਨਲਾਈਨ ਟੈਕਸੀਆਂ ਨੇ ਬਰਨਾਲਾ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਯੂਨੀਅਨ ਵੱਲੋਂ ਉਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।

ਮੀਟਿੰਗ ਦੇ ਅੰਤ ‘ਚ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬਰਨਾਲਾ ਵਿੱਚ ਸਿਰਫ਼ ਯੂਨੀਅਨ ਨਾਲ ਰਜਿਸਟਰਡ ਟੈਕਸੀਆਂ ਨੂੰ ਹੀ ਸੇਵਾ ਦੇਣ ਦੀ ਆਗਿਆ ਮਿਲੇ ਅਤੇ ਬਾਹਰੀ ਆਨਲਾਈਨ ਗੱਡੀਆਂ ’ਤੇ ਪਾਬੰਦੀ ਲਗਾਈ ਜਾਵੇ, ਤਾਂ ਜੋ ਸਵਾਰੀਆਂ ਦੀ ਸੁਰੱਖਿਆ ਅਤੇ ਸਥਾਨਕ ਟੈਕਸੀ ਡਰਾਈਵਰਾਂ ਦੀ ਆਰਥਿਕ ਹਾਲਤ ਬਰਕਰਾਰ ਰਹੇ।