ਹੋਲਾ ਮਹੱਲਾ ਦੌਰਾਨ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ

41
ਸ੍ਰੀ ਅਨੰਦਪੁਰ ਸਾਹਿਬ 27 ਫਰਵਰੀ 2026 AJ DI Awaaj
Punjab Desk  : ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਹੋਲੇ ਮਹੱਲੇ ਦੇ ਕੌਮੀ ਤਿਉਹਾਰ ਨੂੰ ਸਿੰਗਲ ਯੂਜ਼ ਪਲਾਸਟਿਕ ਅਤੇ ਪ੍ਰਦੂਸ਼ਣ ਰਹਿਤ ਮਨਾਉਣ ਲਈ ਸਾਂਝੇ ਤੌਰ ’ਤੇ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਮੇਲਾ ਖੇਤਰ ਵਿੱਚ ਬਣਾਏ ਗਏ ਡੰਪ ਸਾਈਟ ਪ੍ਰਬੰਧਾਂ ਦਾ ਮੈਦਾਨੀ ਪੱਧਰ ’ਤੇ ਜਾਇਜ਼ਾ ਲਿਆ ਗਿਆ, ਤਾਂ ਜੋ ਕੂੜੇ ਦੀ ਨਿਪਟਾਰਾ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਸਕੇ। ਅਧਿਕਾਰੀਆਂ ਨੇ ਡੰਪ ਸਾਈਟ ’ਤੇ ਵੱਖ-ਵੱਖ ਕਿਸਮ ਦੇ ਕੂੜੇ ਦੀ ਛਾਂਟ ਅਤੇ ਸਾਫ਼-ਸਫ਼ਾਈ ਦੀ ਵਿਵਸਥਾ ਦਾ ਮੁਆਇਨਾ ਕੀਤਾ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ’ਤੇ ਰੋਕ ਲਗਾਉਣ ਲਈ ਦੁਕਾਨਦਾਰਾਂ ਅਤੇ ਲੰਗਰ ਕਮੇਟੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਪਟਿਆਲਾ ਤੋਂ ਕਾਰਜਕਾਰੀ ਇੰਜੀਨੀਅਰ ਰਾਜੀਵ ਗੁਪਤਾ, ਐਕਸੀਅਨ ਵਿਪਿਨ ਜਿੰਦਲ, ਐਸ.ਡੀ.ਓ. ਹਿਮਾਨੀ ਗੋਇਲ (ਰੂਪਨਗਰ), ਸਹਾਇਕ ਮਿਉਂਸੀਪਲ ਇੰਜੀਨੀਅਰ ਹਰਪ੍ਰੀਤ ਸਿੰਘ ਭਿਓਰਾ, ਦਲਜੀਤ ਸਿੰਘ, ਸੈਨਟਰੀ ਸੁਪਰਡੈਂਟ ਮੁਕੇਸ਼ ਸ਼ਰਮਾ, ਸੈਨਟਰੀ ਇੰਸਪੈਕਟਰ ਮਦਨ ਲਾਲ ਅਤੇ ਪ੍ਰੋਗਰਾਮ ਕੋਆਰਡੀਨੇਟਰ ਮਨਦੀਪ ਸਿੰਘ ਹਾਜ਼ਰ ਰਹੇ। ਟੀਮਾਂ ਵੱਲੋਂ ਮੇਲਾ ਖੇਤਰ ਵਿੱਚ ਕੂੜਾ ਡੰਪਿੰਗ ਲਈ ਨਿਰਧਾਰਤ ਥਾਵਾਂ, ਕਚਰਾ ਇਕੱਠਾ ਕਰਨ ਵਾਲੀਆਂ ਗੱਡੀਆਂ ਅਤੇ ਸਫ਼ਾਈ ਕਰਮਚਾਰੀਆਂ ਦੀ ਤਾਇਨਾਤੀ ਦਾ ਵੀ ਮੁਆਇਨਾ ਕੀਤਾ ਗਿਆ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਪੜੇ ਜਾਂ ਕਾਗਜ਼ ਦੇ ਥੈਲੇ ਵਰਤਣ, ਕੂੜਾ ਨਿਰਧਾਰਤ ਡੱਬਿਆਂ ਵਿੱਚ ਹੀ ਪਾਉਣ ਅਤੇ ਸਾਫ਼-ਸੁਥਰਾ, ਹਰਾ-ਭਰਾ ਹੋਲਾ ਮਹੱਲਾ ਮਨਾਉਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ।