ਕਣਕ ਦੀ ਕਟਾਈ ਉਪਰੰਤ ਰਹਿੰਦ ਖੂੰਹਦ ਅਤੇ ਨਾੜ ਨੂੰ ਅੱਗ ਲਾਉਣ ਤੇ ਪਾਬੰਦੀ-

71

 ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ ਫਰੀਦਕੋਟ                                                                               ਜ਼ਿਲਾ ਮੈਜਿਸਟਰੇਟ ਹੁਕਮ ਮਿਤੀ 27 ਮਈ 2025 ਤੱਕ ਲਾਗੂ ਰਹਿਣਗੇ

ਫਰੀਦਕੋਟ 02 ਅਪ੍ਰੈਲ 2025 ਅੱਜ ਦੀ ਆਵਾਜ਼

ਜ਼ਿਲਾ ਮੈਜਿਸਟਰੇਟ ਮੈਡਮ ਪੂਨਮਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਫਰੀਦਕੋਟ ਅੰਦਰ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।  ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਕਣਕ ਦੀ ਕਟਾਈ ਉਪਰੰਤ ਰਹਿੰਦ ਖੂੰਹਦ ਅਤੇ ਨਾੜ ਨੂੰ ਸਬੰਧਤ ਮਾਲਕਾਂ/ਕਾਸ਼ਤਕਾਰਾਂ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ। ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਆਸ-ਪਾਸ ਦੇ ਖੇਤਾਂ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਅਤੇ ਹਵਾ ਵਿੱਚ ਧੂੰਏ ਨਾਲ ਬਹੁਤ ਪ੍ਰਦੂਸ਼ਣ ਫੈਲਦਾ ਹੈ। ਜਿਸ ਨਾਲ ਸਾਹ ਦੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜਮੀਨ ਦਾ ਉਪਯੋਗੀ ਜੀਵਨ ਮਾਦਾ ਜੋ ਕਿ ਜਮੀਨ ਲਈ ਬਹੁਤ ਲਾਭਦਾਇਕ ਹੈ, ਦਾ ਵੀ ਨੁਕਸਾਨ ਹੁੰਦਾ ਹੈ ਅਤੇ ਜਮੀਨ ਦੀ ਉਪਰਲੀ ਸਤ੍ਹਾ ਜਲਣ ਕਾਰਨ ਇਸ ਵਿੱਚ ਮੌਜੂਦ ਕਈ ਲਾਭਦਾਇਕ ਜੀਵਾਣੂ ਮਰ ਜਾਂਦੇ ਹਨ। ਜਿਸ ਨਾਲ ਖੇਤ ਦੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਹੈ। ਇਸ ਨਾਲ ਆਲੇ ਦੁਆਲੇ ਖੜੀ ਫਸਲ ਜਾਂ ਪਿੰਡ ਵਿੱਚ ਅੱਗ ਲੱਗਣ ਦਾ ਡਰ ਰਹਿੰਦਾ ਹੈ। ਜਿਸ ਨਾਲ ਵੱਡੇ ਹਾਦਸੇ ਵੀ ਵਾਪਰ ਸਕਦੇ ਹਨ। ਸੜਕਾਂ ਦੁਆਲੇ ਮੌਜੂਦ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਕਈ ਹਾਦਸੇ ਹੋ ਜਾਂਦੇ ਹਨ। ਇਸ ਨਾਲ ਪਿੰਡਾਂ ਵਿੱਚ ਲੜਾਈ ਝਗੜਾ ਹੋਣ ਦਾ ਡਰ ਵੀ ਰਹਿੰਦਾ ਹੈ। ਜਿਸ ਲਈ ਇਹ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਮਿਤੀ 27 ਮਈ 2025 ਤੱਕ ਲਾਗੂ ਰਹਿਣਗੇ।