ਨਸ਼ਾ ਮੁਕਤੀ ਯਾਤਰਾ” ਦੇ ਤਹਿਤ ਵੱਖ-ਵੱਖ ਪਿੰਡਾਂ ‘ਚ ਜਾਗਰੂਕਤਾ ਸਮਾਗਮ ਆਯੋਜਿਤ

10
ਫ਼ਿਰੋਜ਼ਪੁਰ, 18 ਜੁਲਾਈ 2025 AJ Di Awaaj
Punjab Desk : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ “ਨਸ਼ਾ ਮੁਕਤੀ ਯਾਤਰਾ” ਤਹਿਤ ਡਾ. ਅਮਨਦੀਪ ਕੌਰ ਗੋਸਲ (ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ) ਨੇ ਵੱਖ-ਵੱਖ ਪਿੰਡਾਂ ਵਿੱਚ ਨਸ਼ਿਆਂ ਦੇ ਖਾਤਮੇ ਦੇ ਮੱਦੇਨਜ਼ਰ ਕਰਵਾਏ ਗਏ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਦੌਰਾਨ ਡਾ. ਅਮਨਦੀਪ ਕੌਰ ਗੋਸਲ ਨੇ ਪਿੰਡ ਮਸਤੇ ਕੇ ਹਿਠਾੜ, ਗੁਲਾਮ ਹੁਸੈਨ ਵਾਲਾ, ਓਲਾ ਕੇ ਅਤੇ ਕੁੰਡੇ ਵਿਖੇ ਆਯੋਜਿਤ ਜਨ ਸਭਾਵਾਂ ਵਿੱਚ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨਸ਼ੇ ਨੂੰ ਜੜ੍ਹੋਂ ਪੁੱਟਣ ਲਈ ਸਖ਼ਤ ਕਦਮ ਪੁੱਟ ਰਹੀ ਹੈ। ਉਨ੍ਹਾਂ ਪਿੰਡਾਂ ਦੇ ਲੋਕਾਂ, ਵਿਲੇਜ ਡਿਫੈਂਸ ਕਮੇਟੀਆਂ, ਗ੍ਰਾਮ ਪੰਚਾਇਤਾਂ ਅਤੇ ਵਲੰਟੀਅਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਲੋਕ ਨਸ਼ਾ ਪੀੜਤ ਹਨ, ਉਨ੍ਹਾਂ ਨਾਲ ਹਮਦਰਦੀ ਭਰਿਆ ਰਵੱਈਆ ਅਪਣਾਉਂਦੇ ਹੋਏ ਉਨ੍ਹਾਂ ਨੂੰ ਇਲਾਜ਼ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਉਹ ਮੁੜ ਲੋਕ ਧਾਰਾ ਨਾਲ ਜੁੜ ਕੇ ਸਨਮਾਨਿਤ ਜੀਵਨ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਨਾਲ ਕਿਸੇ ਕਿਸਮ ਦਾ ਨਾਤਾ ਨਹੀਂ ਰੱਖਣਾ ਚਾਹੀਦਾ ਅਜਿਹੇ ਲੋਕ ਸਮਾਜ ਦੇ ਦੁਸ਼ਮਣ ਹਨ ਅਤੇ ਇਹ ਕਿਸੇ ਦੇ ਵੀ ਸਕੇ ਨਹੀਂ ਹੁੰਦੇ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਈ ਵਾਰ ਮਾੜੇ ਲੋਕਾਂ ਵੱਲੋਂ ਨੌਜਵਾਨਾਂ ਨੂੰ ਵਰਗਲਾ ਕੇ ਨਸ਼ਿਆਂ ਵਿਚ ਪਾਇਆ ਜਾਂਦਾ ਹੈ ਅਤੇ ਨਸ਼ੇ ਵਿੱਚ ਪੈ ਚੁੱਕੇ ਨੌਜਵਾਨ ਵੀ ਇਹ ਗੱਲ ਆਪਣੇ ਪਰਿਵਾਰ ਤੋਂ ਛੁਪਾਉਂਦੇ ਹਨ, ਜਿਸ ਨਾਲ ਇਹ ਬਿਮਾਰੀ ਵਧਦੀ ਜਾਂਦੀ ਹੈ ਤੇ ਜ਼ਿਆਦਾ ਸਮਾਂ ਬੀਤ ਜਾਣ ਤੇ ਇਸ ਦਲਦਲ ਵਿਚੋਂ ਬਾਹਰ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਦਾ ਖਾਤਮਾ ਕਰਨ ਦਾ ਤਹੱਈਆ ਕਰ ਲਿਆ ਹੈ। ਜਿਹੜੇ ਲੋਕਾਂ ਨੇ ਨਸ਼ੇ ਵੇਚ ਕੇ ਨਾਜਾਇਜ਼ ਉਸਾਰੀਆਂ ਕੀਤੀਆਂ ਹਨ, ਉਨ੍ਹਾਂ ਨੂੰ ਢਾਹਿਆ ਜਾ ਰਿਹਾ ਹੈ। ਅੱਜ ਲੋਕਾਂ ਵੱਲੋਂ ਵੀ ਇਸ ਕਾਰਵਾਈ ਲਈ ਸਰਕਾਰ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਵੱਡੇ ਤੋਂ ਵੱਡੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਦਲੇਰ ਸਿੰਘ ਸਰਪੰਚ, ਮਲਕੀਤ ਸਿੰਘ ਸਰਪੰਚ, ਸੁਰਜੀਤ ਸਿੰਘ (ਬਲਾਕ ਪ੍ਰਧਾਨ), ਮਨਪ੍ਰੀਤ ਸਿੰਘ, ਸਾਹਿਲ, ਬਿੱਟੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ।