ਨਸ਼ਾ ਮੁੱਕਤੀ ਯਾਤਰਾ ਤਹਿਤ ਜਾਗਰੂਕਤਾ ਸਭਾਵਾਂ ਆਯੋਜਿਤ

13

ਫ਼ਿਰੋਜ਼ਪੁਰ 28 ਜੁਲਾਈ 2025 AJ DI Awaaj

Punjab Desk : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਦੇ ਵਿਰੁੱਧ” ਮੁਹਿੰਮ ਤਹਿਤ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਅਧੀਨ ਆਉਂਦੇ ਪਿੰਡ ਨਵਾਂ ਪਿੰਡ ਜਮਸ਼ੇਰ ਅਤੇ ਬਸਤੀ ਅੰਮ੍ਰਿਤਸਰੀਆਂ ਵਿੱਚ ਨਸ਼ਾ ਮੁਕਤੀ ਯਾਤਰਾ ਸਬੰਧੀ ਆਯੋਜਿਤ ਸਮਾਗਮ ਵਿੱਚ ਸ਼ਾਮਿਲ ਹੋ ਕੇ ਡਾ. ਅਮਨਦੀਪ ਕੌਰ ਗੋਸਲ (ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ) ਵੱਲੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਇਕਜੁੱਟ ਹੋਣ ਲਈ ਜਾਗਰੂਕ ਕੀਤਾ ਗਿਆ।

ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦਾ ਉਦੇਸ਼ ਸੂਬੇ ਵਿੱਚ ਨਸ਼ੇ ਦਾ ਖ਼ਾਤਮਾ ਕਰਨਾ ਹੈ ਅਤੇ ਜਿਹੜੇ ਲੋਕ ਨਸ਼ਿਆਂ ਦੀ ਲਪੇਟ ’ਚ ਹਨ ਉਨ੍ਹਾਂ ਨੂੰ ਬਾਹਰ ਕੱਢਣਾ ਅਤੇ ਉਨ੍ਹਾਂ ਨੂੰ ਸਿਹਤਮੰਦ, ਸਸ਼ਕਤ ਅਤੇ ਉੱਜਵਲ ਭਵਿੱਖ ਦੇ ਰਾਹ ਪਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਜੰਗ ਨੂੰ ਪੂਰੀ ਗੰਭੀਰਤਾ ਨਾਲ ਲੜ ਰਹੀ ਹੈ। ਇਸ ਮੌਕੇ ‘ਤੇ ਉਨ੍ਹਾਂ ਪਿੰਡ ਵਾਸੀਆਂ, ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਨਸ਼ਾ ਵੇਚ ਕੇ ਬਣਾਈਆਂ ਜਾਇਦਾਦਾਂ ’ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ। ਸਰਕਾਰ ਦੀ ਤਰਜੀਹ ਹੈ ਕਿ ਹਰ ਪਿੰਡ ਅਤੇ ਹਰ ਗਲੀ ਨੂੰ ਨਸ਼ਾ ਮੁਕਤ ਕੀਤਾ ਜਾਵੇ।

ਇਸ ਦੌਰਾਨ ਸਮੂਹ ਸਰਪੰਚ ਸਾਹਿਬਾਨਾਂ ਤੇ ਸਥਾਨਕ ਲੋਕਾਂ ਨੂੰ ਆਪਣੇ ਇਲਾਕੇ ‘ਚ ਨਸ਼ਾ ਨਾ ਵਿਕਣ ਦੇਣ ਅਤੇ ਨਸ਼ਾ ਵੇਚਣ ਵਾਲਿਆਂ ਦਾ ਸਾਥ ਨਾ ਦੇਣ ਦੀ ਸਹੁੰ ਵੀ ਚੁਕਾਈ ਗਈ। ਉਨ੍ਹਾਂ ਕਿਹਾ ਕੀ ਹੁਣ ਸਮਾਜਿਕ ਭਾਗੀਦਾਰੀ ਦੀ ਜ਼ਰੂਰਤ ਹੈ ਅਤੇ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਵਟਸਐਪ ਨੰਬਰ 9779100200 ਤੇ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਵੇਗੀ।

ਇਸ ਮੌਕੇ ਮਨਪ੍ਰੀਤ ਸਿੰਘ, ਸੋਨੂੰ ਲਖੇਰਾ, ਸੁਖਵਿੰਦਰ ਸਿੰਘ ਬਸਤੀ ਰਾਮ ਲਾਲ, ਰਛਪਾਲ ਸਿੰਘ ਸਰਪੰਚ ਬਸਤੀ ਅੰਮ੍ਰਿਤਸਰੀਆਂ, ਸੁਰਜੀਤ ਸਿੰਘ ਸਰਪੰਚ ਨਵਾਂ ਪਿੰਡ ਜਮਸ਼ੇਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।