ਥੈਲੇਸੀਮੀਆ ਤੋਂ ਬਚਣ ਲਈ ਜਾਗਰੂਕਤਾ ਜਰੂਰੀ: ਡਾਕਟਰ ਰਾਜ ਕੁਮਾਰ ਸਿਵਲ ਸਰਜਨ

59

ਫਾਜ਼ਿਲਕਾ 8 ਮਈ 2025 Aj Di Awaaj

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜਿਲਕਾ ਦੀ ਉਚੇਚੀ ਨਿਗਰਾਨੀ ਵਿੱਚ ਸਿਵਲ ਹਸਪਤਾਲ ਫਾਜਿਲਕਾ ਵਿੱਚ ਅੱਜ 8 ਮਈ ਨੂੰ ਵਿਸ਼ਵ ਥੈਲੇਸੀਮੀਆ ਦਿਵਸ ਮਨਾਇਆ ਗਿਆ।

ਅੱਜ ਵਿਸ਼ਵ ਥੈਲੇਸੀਮੀਆ ਦਿਵਸ ਸਬੰਧੀ ਜਾਣਕਾਰੀ  ਦਿੰਦਿਆਂ ਡਾਕਟਰ ਰਿੰਕੂ ਚਾਵਲਾ ਬੱਚਿਆਂ ਦੇ ਰੋਗਾਂ ਦੇ ਮਾਹਿਰ ਨੇ ਦੱਸਿਆ ਕਿ ਥੈਲੇਸੀਮੀਆ ਖ਼ੂਨ ਨਾਲ ਸਬੰਧਤ ਇਕ ਜੈਨੇਟਿਕ ਬਿਮਾਰੀ ਹੈ, ਥੈਲੇਸੀਮੀਆ ਵਾਲੇ ਲੋਕਾਂ ਵਿੱਚ ਜਾਂ ਤਾ ਹੀਮੋਗਲੋਬਿਨ ਪੈਦਾ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਜਾਂ ਨਹੀਂ ਹੁੰਦੀ, ਜਿਸ ਨਾਲ ਅਨੀਮੀਆ ਅਤੇ ਹੋਰ ਪੇਚੀਦਗੀਆਂ ਹੋ ਸਕਦੀਆਂ ਹਨ। ਇਸ ਬਿਮਾਰੀ ਨਾਲ ਪੀੜਤ ਨੂੰ ਹਰ 15—20 ਦਿਨਾਂ ਬਾਅਦ ਖੂਨ ਚੜ੍ਹਾਉਣਾ ਪੈਂਦਾ ਹੈ। ਇਸ ਬਿਮਾਰੀ ਦੇ ਵਧਣ ਦਾ ਮੁੱਖ ਕਾਰਨ ਲੋਕਾਂ ਵਿੱਚ ਵੀ ਜਾਗਰੂਕਤਾ ਦੀ ਘਾਟ ਹੈ।

ਮਾਇਨਰ ਥੈਲੇਸੀਮੀਆ ਨਾਲ ਪੀੜਿਤ ਮਾਤਾ ਪਿਤਾ ਦਾ ਬੱਚਾ, ਥੈਲੇਸੀਮੀਆ ਮੇਜਰ ਹੋ ਸਕਦਾ ਹੈ। ਵਿਆਹ ਤੋਂ ਪਹਿਲਾਂ ਲੜਕੇ ਲੜਕੀ ਦਾ ਥੈਲੇਸੀਮੀਆ ਦਾ ਟੈਸਟ ਕਰਵਾ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਆਹ ਤੋਂ ਪਹਿਲਾਂ ਲੜਕੇ—ਲੜਕੀ ਦੀ ਥੈਲੇਸੀਮੀਆ, ਏਡਜ਼, ਹੈਪੇਟਾਈਟਸ ਬੀ ਤੇ ਸੀ.ਆਰ.ਐੱਚ. ਫੈਕਟਰ ਆਦਿ ਦੀ ਜਾਂਚ ਕਰਵਾਉਣੀ ਚਾਹੀਦੀ ਹੈ।ਜੇਕਰ ਤਿੰਨ ਮਹੀਨੇ ਤੱਕ ਆਇਰਨ ਅਤੇ ਫੋਲਿਕ ਏਸਿਡ ਦੀਆਂ ਗੋਲੀਆਂ ਖਾਣ ਤੋਂ ਬਾਅਦ ਵੀ ਬੱਚੇ ਦਾ ਹੀਮੋਗਲੋਬਿਨ 7 ਤੋਂ 9 ਗ੍ਰਾਮ ਤੋਂ ਨਹੀਂ ਵਧ ਰਿਹਾ ਤਾਂ ਉਸਦਾ ਐਚਪੀਐਲਸੀ ਟੈਸਟ ਕਰਵਾਉਣਾ ਚਾਹੀਦਾ ਹੈ, ਜਿਸ ਨਾਲ ਬੱਚੇ ਦੇ ਥੇਨੇਸੀਮੀਆ ਮਾਇਨਰ ਹੋਣ ਦਾ ਪਤਾ ਲੱਗ ਸਕੇ।

ਡਾਕਟਰ ਰਿੰਕੂ ਚਾਵਲਾ ਨੇ ਦੱਸਿਆ ਕਿ ਥੈਲੇਸੀਮੀਆ ਰੋਗ ਦੇ ਪ੍ਰਮੱਖ ਲੱਛਣਾਂ ਵਿਚ ਪੀੜਤ ਵਿਅਕਤੀ ਦੇ ਵਾਧੇ ਅਤੇ ਵਿਕਾਸ ਵਿਚ ਦੇਰੀ, ਜ਼ਿਆਦਾ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਨਾ, ਚਿਹਰੇ ਦੀ ਬਣਾਵਟ ਵਿਚ ਬਦਲਾਅ ਹੋਣਾ, ਚਮੜੀ ਦਾ ਰੰਗ ਪੀਲਾ ਪੈਣਾ, ਪੇਸ਼ਾਬ ਗਾੜ੍ਹਾ ਆਉਣਾ ਅਤੇ ਜ਼ਿਗਰ ਤੇ ਤਿੱਲੀ ਦੇ ਆਕਾਰ ਵਧਣਾ ਆਦਿ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਪਹਿਲੀ ਤਿਮਾਹੀ ਵਾਲੀਆਂ ਗਰਭਵਤੀ ਔਰਤਾ, ਵਿਆਹਯੋਗ ਜੋੜੇ ਅਤੇ ਉਹ ਔਰਤਾ ਜਿਨ੍ਹਾਂ ਦਾ ਅਨੀਮੀਆ ਠੀਕ ਨਹੀਂ ਹੋ ਰਿਹਾ, ਉਹ ਆਪਣਾ ਐੱਚ ਪੀ ਐਲ ਸੀ, ਐੱਚਬੀਏ—2 ਟੈਸਟ ਕਰਵਾ ਕੇ ਇਸ ਰੋਗ ਦੇ ਵਾਧੇ ਦੀ ਰੋਕਥਾਮ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ ਅਤੇ ਆਪਣੇ ਥੈਲੇਸੀਮੀਆ ਲਈ ਜਾਂਚ ਕਰਵਾ ਕੇ ਆਉਣ ਵਾਲੇ ਬੱਚਿਆਂ ਨੂੰ ਇਸ ਰੋਗ ਤੋਂ ਬਚਾ ਸਕਦੇ ਹਨ। ਇਸ ਮੌਕੇ ਡਾਕਟਰ ਮਨੀ ਗਰਗ, ਮੈਰੀ ਨਰਸਿੰਗ ਸਿਸਟਰ, ਪ੍ਰਿੰਸ ਪੁਰੀ, ਮਨਦੀਪ ਸਟਾਫ਼ ਨਰਸ, ਮਨੀਸ਼, ਸਿਮਰਨ, ਖੁਸ਼ਵੰਤ ਸਿੰਘ, ਦਵਿੰਦਰ ਹਾਜ਼ਰ ਸਨ।