ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾ ਰਿਹਾ ਜਾਗਰੂਕ

37
ਅਮਰਗੜ੍ਹ/ਮਾਲੇਰਕੋਟਲਾ, 25 ਅਕਤੂਬਰ 2025 AJ DI Awaaj
Punjab Desk :   ਤੰਬਾਕੂ ਦੀ ਵਰਤੋਂ ਨੌਜਵਾਨ ਪੀੜ੍ਹੀ ਦੀ ਸਿਹਤ ਲਈ ਗੰਭੀਰ ਚੁਣੌਤੀ ਬਣੀ ਹੋਈ ਹੈ। ਇਸ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਭਾਗ ਵੱਲੋਂ “ਤੰਬਾਕੂ ਮੁਕਤ ਜਵਾਨੀ ਮੁਹਿੰਮ” ਸ਼ੁਰੂ ਕੀਤੀ ਗਈ ਹੈ। ਇਸੇ ਕੜੀ ਤਹਿਤ ਜਿਲ੍ਹੇ ਵਿੱਚ ਸਿਵਲ ਸਰਜਨ ਡਾ. ਸੰਜੇ ਗੋਇਲ ਦੀਆਂ ਹਦਾਇਤਾਂ  ਅਨੁਸਾਰ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ।
            ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾ ਤੋਂ ਬਚਾਉਣ ਲਈ ਅਤੇ ਜਵਾਨੀ ਨੂੰ ਤੰਦਰੁਸਤ ਭਵਿੱਖ ਵੱਲ ਮੋੜਨ ਲਈ ਬਲਾਕ ਅਮਰਗੜ੍ਹ ਵਿੱਚ ਵੀ ਇਹ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਤਹਿਤ ਲੋਕਾਂ ਨੂੰ ਪਿੰਡਾਂ ਦੀਆਂ ਸੱਥਾਂ ‘ਚ, ਸਕੂਲਾਂ ਅਤੇ ਕਾਲਜਾਂ  ‘ਚ ਜਾ ਕੇ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਪੀੜਤ ਨੂੰ ਤੰਬਾਕੂ ਛੱਡਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਪੈਦਾ ਕਰਨਾ, ਸਿੱਖਿਆ ਸੰਸਥਾਵਾਂ ਨੂੰ ਤੰਬਾਕੂ ਰਹਿਤ ਬਣਾਉਣਾ ਅਤੇ ਸਮਾਜ ਵਿੱਚ ਸਿਹਤਮੰਦ ਜੀਵਨਸ਼ੈਲੀ ਨੂੰ ਪ੍ਰੋਤਸਾਹਿਤ ਕਰਨਾ ਹੈ।
                  ਬਲਾਕ ਐਜੂਕੇਟਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਮੁਹਿੰਮ ਦੌਰਾਨ ਬਲਾਕ ਦੇ ਸੁਪਰਵਾਈਜ਼ਰ ਪਰਮਜੀਤ ਸਿੰਘ, ਜਗਤਾਰ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਟੀਮਾਂ ਵੱਲੋਂ ਕੋਟਪਾ (ਸਿਗਰਟ ਅਤੇ ਹੋਰ ਤੰਬਾਕੂ ਉਤਪਾਦ) ਐਕਟ 2003 ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਣ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜਵਾਨੀ ਤੰਬਾਕੂ ਤੋਂ ਮੁਕਤ ਰਹੇਗੀ, ਤਾਂ ਉਨ੍ਹਾਂ ਦਾ ਭਵਿੱਖ ਸਿਹਤਮੰਦ ਤੇ ਖੁਸ਼ਹਾਲ ਹੋਵੇਗਾ।  ਇਸ ਮੌਕੇ ਟੀਮ ਮੈਂਬਰ ਕੁਲਦੀਪ ਸਿੰਘ, ਨਿਰਮਲ ਸਿੰਘ, ਹਰਜਿੰਦਰ ਸਿੰਘ ਤੇ ਬੂਟਾ ਖਾਨ ਹਾਜ਼ਰ ਸਨ।