ਤੁਹਾਡੀ ਪੂੰਜੀ-ਤੁਹਾਡਾ ਅਧਿਕਾਰ” ਮੁਹਿੰਮ ਤਹਿਤ ਜਾਗਰੂਕਤਾ ਕੈਂਪ

56

ਸੰਗਰੂਰ, 28 ਨਵੰਬਰ 2025 AJ DI Awaaj

Punjab Desk : ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ “ਤੁਹਾਡੀ ਪੂੰਜੀ-ਤੁਹਾਡਾ ਅਧਿਕਾਰ” ਮੁਹਿੰਮ ਦੇ ਤਹਿਤ ਅੱਜ ਸਟੇਟ ਲੈਵਲ ਬੈਂਕਰਜ਼ ਕਮੇਟੀ ਪੰਜਾਬ ਦੀ ਅਗਵਾਈ ਹੇਠ, ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿੱਚ ਡੀ.ਏ.ਸੀ. ਕੰਪਲੈਕਸ ਵਿਖੇ ਵਿਸ਼ਾਲ ਜਾਗਰੂਕਤਾ ਕੈਂਪ ਲਗਾਇਆ ਗਿਆ।

ਜ਼ਿਲ੍ਹਾ ਮੈਨੇਜਰ ਲੀਡ ਬੈਂਕ ਸੁਰਮੁਖ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਬੈਂਕਾਂ ਅਤੇ ਹੋਰ ਆਰਥਿਕ ਸੰਸਥਾਵਾਂ ਵਿੱਚ ਲਾਵਾਰਸ ਪਈਆਂ ਜਮ੍ਹਾਂ ਰਾਸ਼ੀਆਂ ਬਾਰੇ ਅਤੇ ਉਨ੍ਹਾਂ ਦੇ ਸਹੀ ਦਾਅਵੇਦਾਰਾਂ ਵੱਲੋਂ ਵਾਪਸ ਲੈਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਕੈਂਪ ਇਹ ਯਕੀਨੀ ਬਣਾਉਣ ਲਈ ਆਯੋਜਿਤ ਕੀਤਾ ਗਿਆ ਕਿ ਇਹ ਜਮ੍ਹਾਂ ਰਾਸ਼ੀਆਂ ਉਨ੍ਹਾਂ ਦੇ ਸਹੀ ਦਾਅਵੇਦਾਰਾਂ ਤੱਕ ਪਹੁੰਚ ਸਕਣ।

ਉਹਨਾਂ ਦੱਸਿਆ ਕਿ ਇਹ ਕੈਂਪ ਲੀਡ ਬੈਂਕ ਦਫ਼ਤਰ ਐਸ.ਬੀ.ਆਈ. ਸੰਗਰੂਰ ਵੱਲੋਂ ਇੰਡੋਸਿੰਡ ਬੈਂਕ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਵਿੱਚ ਜੀਵਨ ਬੀਮਾ ਨਿਗਮ, ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਹੋਰ ਸਾਰੇ ਬੈਂਕਾਂ ਦੇ ਨੁਮਾਇੰਦਿਆਂ ਅਤੇ ਬਹੁਤ ਸਾਰੇ ਆਮ ਨਾਗਰਿਕਾਂ ਨੇ ਸ਼ਿਰਕਤ ਕੀਤੀ।

ਜ਼ਿਲ੍ਹਾ ਮੈਨੇਜਰ ਲੀਡ ਬੈਂਕ ਐਸ.ਬੀ.ਆਈ. ਸੰਗਰੂਰ ਸ੍ਰੀ ਸੁਰਮੁਖ ਸਿੰਘ ਨੇ ਆਪਣੇ ਸੰਬੋਧਨ ਰਾਹੀਂ ਜਨਤਾ ਨੂੰ ਕੈਂਪ ਦਾ ਉਦੇਸ਼ ਅਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਇੰਡੋਸਿੰਡ ਬੈਂਕ ਦੇ ਖੇਤਰੀ ਆਪਰੇਸ਼ਨ ਹੈੱਡ ਸ਼ਰੂਤੀ ਸ਼ਰਮਾ ਨੇ ਕਿਹਾ ਕਿ ਇੰਡੋਸਿੰਡ ਬੈਂਕ ਆਪਣੇ ਗਾਹਕਾਂ ਨੂੰ ਬਿਹਤਰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬੈਂਕਾਂ ਵਿੱਚ ਪਈਆਂ ਲਾਵਾਰਸ ਜਮ੍ਹਾਂ ਰਾਸ਼ੀਆਂ ਪ੍ਰਾਪਤ ਕਰਨ ਲਈ ਸਹੀ ਦਾਅਵੇਦਾਰਾਂ ਆਪਣੇ ਬੈਂਕ ਨਾਲ ਸੰਪਰਕ ਕਰ ਸਕਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨੀਸ਼ ਗੁਪਤਾ ਡੀ.ਡੀ.ਐਮ.ਨਬਾਰਡ, ਸ਼ਰੂਤੀ ਸ਼ਰਮਾ ਖੇਤਰੀ ਆਪਰੇਸ਼ਨ ਹੈੱਡ ਇੰਡੋਸਿੰਡ ਬੈਂਕ, ਅਮਰਿੰਦਰ ਸਿੰਘ ਖਰੌੜ ਰਿਜਨਲ ਹੈੱਡ ਇੰਡੋਸਿੰਡ ਬੈਂਕ, ਮਨਿੰਦਰਪਾਲ ਸਿੰਘ ਸਟੇਟ ਹੈੱਡ ਇੰਡੋਸਿੰਡ ਬੈਂਕ, ਗੁਰਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਇੰਡੋਸਿੰਡ ਬੈਂਕ, ਸਤੀਸ਼ ਅਹਿਲਾਵਤ, ਪੰਜਾਬ ਨੈਸ਼ਨਲ ਬੈਂਕ ਅਤੇ ਮਨੋਹਰ ਲਾਲ ਭਾਰਤੀ ਜੀਵਨ ਬੀਮਾ ਨਿਗਮ ਨੇ ਸ਼ਿਰਕਤ ਕੀਤੀ ਅਤੇ ਹਾਜ਼ਰ ਲੋਕਾਂ ਨੂੰ ਲਾਵਾਰਸ ਪਈਆਂ ਆਰਥਿਕ ਰਾਸ਼ੀਆਂ ਅਤੇ ਇਨ੍ਹਾਂ ਨੂੰ ਆਰਥਿਕ ਸੰਸਥਾਵਾਂ ਤੋਂ ਵਾਪਸ ਲੈਣ ਸਬੰਧੀ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ।