ਸ੍ਰੀ ਮੁਕਤਸਰ ਸਾਹਿਬ, 10 ਨਵੰਬਰ 2025 AJ DI Awaaj
Punjab Desk : ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਮੱਲਣ ਵਿਖੇ ਸਕੂਲੀ ਬੱਚਿਆਂ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਲਗਭਗ 200 ਵਿਦਆਰਥੀਆਂ ਨੇ ਭਾਗ ਲਿਆ।
ਇਸ ਕੈਂਪ ਵਿੱਚ ਡਾ. ਭਾਰਤ ਭੂਸ਼ਨ, ਵਿਗਿਆਨੀ, ਆਈ. ਸੀ. ਆਰ- ਭਾਰਤੀ ਮੱਕੀ ਖੋਜ ਸੰਸਥਾ, ਲੁਧਿਆਣਾ ਅਤੇ ਡਾ. ਸ਼ੁਜਾਤਾ ਸੇਠੀ, ਸੀਨੀਅਰ ਵਿਗਿਆਨੀ, ਆਈ. ਸੀ. ਆਰ- ਸੀ. ਆਈ. ਪੀ. ਐਚ. ਈ. ਟੀ., ਲੁਧਿਆਣਾ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ. ਭਾਰਤ ਭੂਸ਼ਨ ਨੇ ਫ਼ਸਲੀ ਵਿਭੰਨਤਾ ਬਾਰੇ ਗੱਲ ਕਰਦਿਆਂ ਮੱਕੀ ਦੀ ਖੇਤੀ ਦੇ ਫਾਇਦਿਆਂ ਬਾਰੇ ਦੱਸਿਆ।
ਇਸ ਮੌਕੇ ਡਾ. ਸ਼ੁਜਾਤਾ ਸੇਠੀ ਨੇ ਖੇਤਾਂ ਵਿੱਚੋ ਬਾਹਰ ਕੱਢੀ ਪਰਾਲੀ ਦੀ ਮੁੜ ਖੇਤੀ ਵਿੱਚ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਆਨ) ਨੇ ਪਰਾਲੀ ਨੂੰ ਅੱਗ ਲਾਉਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਬਾਰੇ ਅਤੇ ਪਰਾਲੀ ਵਾਲੇ ਖੇਤਾਂ ਵਿੱਚ ਕਣਕ ਦੀ ਸਫ਼ਲ ਕਾਸ਼ਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਡਾ. ਸੁਖਜਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਫ਼ਲ ਵਿਗਿਆਨ) ਨੇ ਫ਼ਲਾਂ ਅਤੇ ਸਬਜੀਆਂ ਦੀ ਪੌਸ਼ਟਿਕ ਮਹੱਹਤਾ ਸਮਝਾਉਂਦੇ ਹੋਏ ਸਕੂਲੀ ਵਿਦਿਆਰਥੀਆਂ ਨੂੰ ਘਰੇਲੂ ਬਗੀਚੀ ਲਗਾਉਣ ਲਈ ਪ੍ਰੇਰਿਤ ਕੀਤਾ। ਮੰਚ ਦੀ ਕਾਰਵਾਈ ਚਲਾਉਂਦਿਆਂ ਡਾ. ਗੁਰਵਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਪਸਾਰ ਸਿੱਖਿਆ) ਨੇ ਵਿਦਿਆਰਥੀਆਂ ਨੂੰ ਪ੍ਰੇਰਦੇ ਹੋਏ ਦੱਸਿਆ ਕਿ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਦਾ ਸੁਨੇਹਾਂ ਪਿੰਡ ਦੇ ਕਿਸਾਨਾਂ ਤੱਕ ਪਹੁੰਚਾ ਕੇ ਇਸ ਸਮਾਜਿਕ ਕੰਮ ਵਿੱਚ ਉਹ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ, ਇਸ ਤੋਂ ਇਲਾਵਾ ਉਹਨਾਂ ਨੇ ਪਰਾਲੀ ਦੀ ਸਾਂਭ ਸੰਭਾਲ ਲਈ ਕੇ.ਵੀ.ਕੇ. ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਇਸ ਜਾਗਰੂਕਤਾ ਮੁਹਿੰਮ ਵਿੱਚ ਅਹਿਮ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਆ।
ਇਸ ਪ੍ਰੋਗਰਾਮ ਦੌਰਾਨ ਸਕੂਲੀ ਵਿਦਿਆਰਥੀਆਂ ਲਈ ਭਾਸ਼ਣ ਮੁਕਾਬਲਾ, ਪੋਸਟਰ ਮੁਕਾਬਲੇ ਅਤੇ ਲੇਖ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਆਰਥੀਆਂ ਨੂੰ ਪੁਰਸਕਾਰ ਦਿੱਤੇ ਗਏ। ਪਿੰਡ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਵਿੱਚ ਪਰਾਲੀ ਸੰਭਾਲ ਨਾਲ ਸਬੰਧਿਤ ਜਾਗਰੂਕਤਾ ਰੈਲੀ ਦਾ ਆਯੋਜਨ ਵੀ ਕੀਤਾ ਗਿਆ।














