ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ ਅੱਜ ਦੀ ਆਵਾਜ਼ | 19 ਅਪ੍ਰੈਲ 2025
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਸ. ਕਰਨਜੀਤ ਸਿੰਘ ਗਿੱਲ ਵੱਲੋਂ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਣਕ ਦੇ ਨਾੜ ਅਤੇ ਫਸਲਾ ਦੀ ਰਹਿੰਦ ਖੂੰਹਦ ਨੂੰ ਸਾੜਣ ਤੋਂ ਗੁਰੇਜ਼ ਕਰਨ। ਫਸਲਾ ਦੀ ਰਹਿੰਦ ਖੂੰਹਦ ਸਾੜਣ ਨਾਲ ਨਾਂ ਸਿਰਫ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ, ਸਗੋਂ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ ਅਤੇ ਫਸਲਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਅਤੇ ਸੜਕ ਹਾਦਸਿਆਂ ‘ਚ ਵੀ ਵਾਧਾ ਹੁੰਦਾ ਹੈ । ਜਿਲਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹੇ ਵਿੱਚ ਭਾਰਤੀ ਦੰਡ ਸੰਹਿਤਾ ਦੀ ਧਾਰਾ 144 ਹੇਠ ਪਰਾਲੀ ਸਾੜਨ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਸਿੱਧੇ ਤੌਰ ‘ਤੇ ਲੋਕਾਂ ਦੀ ਸਿਹਤ, ਵਾਤਾਵਰਨ ਅਤੇ ਜਨਤਕ ਸੁਰੱਖਿਆ ਨਾਲ ਜੁੜੇ ਹੋਏ ਹਨ।ਕਣਕ ਦੀ ਨਾੜ ਅਤੇ ਫਸਲਾ ਦੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨ:
ਵਾਤਾਵਰਣ ਨੁਕਸਾਨ: ਫਸਲਾ ਦੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਹਵਾ ਵਿੱਚ ਕਾਰਬਨ ਡਾਈਆਕਸਾਈਡ, ਮੀਥੇਨ, ਨਾਈਟਸ ਆਕਸਾਈਡ ਆਦਿ ਜ਼ਹਿਰੀਲੀ ਗੈਸਾਂ ਪੈਦਾ ਹੁੰਦੀਆਂ ਹਨ, ਜੋ ਹਵਾ ਦੀ ਗੁਣਵੱਤਾ ਨਸ਼ਟ ਕਰਦੀਆਂ ਹਨ। ਇਹ ਗੈਸਾਂ ਗ੍ਰੀਨਹਾਊਸ ਪ੍ਰਭਾਵ ਨੂੰ ਵਧਾਉਂਦੀਆਂ ਹਨ ਜਿਸ ਨਾਲ ਗਲੋਬਲ ਵਾਰਮਿੰਗ ਵਧਦੀ ਹੈ।ਤਾਪਮਾਨ ‘ਚ ਵਾਧਾ: ਵੱਡੇ ਪੈਮਾਨੇ ‘ਤੇ ਕਣਕ ਦੇ ਨਾੜ ਅਤੇ ਫਸਲਾ ਦੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਇਲਾਕੇ ਦਾ ਤਾਪਮਾਨ ਵਧ ਜਾਂਦਾ ਹੈ ਜੋ ਕਿ ਫਸਲਾਂ ਅਤੇ ਹੋਰ ਜੀਵਾਂ ਉੱਤੇ ਬੁਰਾ ਅਸਰ ਪਾਉਂਦਾ ਹੈ।
ਮਿੱਟੀ ਦੀ ਖ਼ਰਾਬੀ: ਫਸਲਾਂ ਦੀ ਰਹਿੰਦ ਖੁੰਦ ਨੂੰ ਸਾੜਨ ਨਾਲ ਮਿੱਟੀ ਵਿੱਚ ਮੌਜੂਦ ਲਾਭਕਾਰੀ ਮਿੱਤਰ ਕੀੜੇ ਅਤੇ ਜੀਵ ਨਸ਼ਟ ਹੋ ਜਾਂਦੇ ਹਨ ਜੋ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਲਈ ਜ਼ਰੂਰੀ ਹੁੰਦੇ ਹਨ। ਸੜਕ ਹਾਦਸੇ: ਫਸਲਾਂ ਦੀ ਰਹਿੰਦ ਖੁੰਦ ਨੂੰ ਸਾੜਨ ਨਾਲ ਹੋਣ ਵਾਲੇ ਧੂੰਏ ਕਾਰਨ ਦਿਖਾਈ ਨਾ ਦੇਣ ਕਾਰਨ ਸੜਕ ਹਾਦਸਿਆਂ ਵਿੱਚ ਵਾਧਾ ਹੋ ਜਾਂਦਾ ਹੈ, ਜਿਸ ਨਾਲ ਕਈ ਵਾਰ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਨਾਲ ਲੱਗਦੀਆਂ ਫਸਲਾਂ ਨੂੰ ਨੁਕਸਾਨ: ਅੱਗ ਦੇ ਫੈਲਣ ਜਾਂ ਧੂਏ ਦੇ ਸੰਪਰਕ ਵਿਚ ਆਉਣ ਨਾਲ ਨਾਲ ਲੱਗੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ।ਮਨੁੱਖੀ ਸਿਹਤ ਉੱਤੇ ਅਸਰ: ਫਸਲਾ ਦੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਹੋਣ ਵਾਲੇ ਧੂੰਏ ਕਾਰਨ ਬੱਚਿਆਂ, ਵੱਡੀ ਉਮਰ ਦੇ ਲੋਕਾਂ ਅਤੇ ਸਾਹ ਦੀ ਬਿਮਾਰੀ ਵਾਲਿਆਂ ਲਈ ਹਵਾ ਸਾਹ ਲੈਣ ਯੋਗ ਨਹੀਂ ਰਹਿੰਦੀ, ਜਿਸ ਕਾਰਨ ਸਿਹਤ ਸਮੱਸਿਆਵਾਂ ਵੱਧ ਜਾਦੀਆ ਹਨ। ਉਹਨਾਂ ਅੱਗੇ ਦੱਸਿਆ ਕਿ ਸਾਡੀ ਜਮੀਨ, ਹਵਾ ਅਤੇ ਭਵਿੱਖ ਦੀ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਫਸਲਾਂ ਦੀ ਰਹਿੰਦ ਖੁਦ ਸਾੜਨ ਤੋਂ ਪਰਹੇਜ਼ ਕਰਕੇ ਇਕ ਨਿਵੇਕਲਾ ਉਦਾਹਰਨ ਸੈੱਟ ਕਰਨ। ਇਸ ਲਈ ਸਮੂਹ ਕਿਸਾਨਾਂ ਨੂੰ ਨਿਮਰ ਅਪੀਲ ਕੀਤੀ ਜਾਂਦੀ ਹੈ ਕਿ ਓਹ ਫਸਲਾ ਦੀ ਰਹਿੰਦ ਖੂੰਹਦ ਸਾੜਣ ਤੋਂ ਬਚੇ, ਕਾਨੂੰਨੀ ਪਾਬੰਦੀਆਂ ਦੀ ਪਾਲਣਾ ਕਰੋ, ਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਉਣ ।
