ਫਾਜ਼ਿਲਕਾ, 25 ਅਗਸਤ 2025 AJ DI Awaaj
Punjab Desk : ਫਾਜ਼ਿਲਕਾ ਜ਼ਿਲ੍ਹੇ ਦੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਜਿੰਨ੍ਹਾਂ ਪਿੰਡਾਂ ਵਿਚ ਸਤਲੁਜ ਦੇ ਪਾਣੀ ਦੀ ਮਾਰ ਪਈ ਹੈ ਉਨ੍ਹਾਂ ਪਿੰਡਾਂ ਵਿਚ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਦੇ ਜਾਨਵਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਸਰਹੱਦੀ ਪਿੰਡਾਂ ਵਿਚ ਪਿੱਛਲੇ 1 ਹਫਤੇ ਵਿਚ 446 ਜਾਨਵਰਾਂ ਦਾ ਇਲਾਜ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ੍ਰੀ ਮਨਦੀਪ ਸਿੰਘ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਗਠਿਤ ਹਨ ਅਤੇ ਇਹ ਟੀਮਾਂ ਪ੍ਰਭਾਵਿਤ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਜਾਨਵਰਾਂ ਦੇ ਚੈਕਅੱਪ ਅਤੇ ਇਲਾਜ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪਿੰਡਾਂ ਵਿਚ ਜਾਨਵਰਾਂ ਦੀ ਵੈਕਸੀਨੇਸ਼ਨ ਹੜ੍ਹ ਆਉਣ ਤੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ।
ਡਾ: ਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਗੁੱਦੜ ਭੈਣੀ ਦੀਆਂ ਢਾਣੀਆਂ, ਪੱਤਣ ਪੋਸਟ, ਮੁਹਾਰ ਜਮਸ਼ੇਰ, ਢਾਣੀ ਸੱਦਾ ਸਿੰਘ, ਦੋਨਾ ਨਾਨਕਾ ਅਤੇ ਤੇਜਾ ਰੋਹੇਲਾ ਵਿਚ ਟੀਮਾਂ ਨੇ ਵਿਸ਼ੇਸ ਕੈਂਪ ਲਗਾਏ ਹਨ।
