ਫਾਜਿਲਕਾ 30 ਸਤੰਬਰ 2025 AJ DI Awaaj
Punjab Desk : ਸ਼੍ਰੀ ਰਾਹੁਲ ਭੰਡਾਰੀ ਆਈ ਏ ਐਸ ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਹੇਠ, ਡਾ ਪਰਮਦੀਪ ਸਿੰਘ ਵਾਲੀਆ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਪੰਜਾਬ ਜੀ ਦੀ ਰਹਿਨੁਮਾਈ ਹੇਠ ਅਤੇ ਡਾ ਮਨਦੀਪ ਸਿੰਘ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਫਾਜਿਲਕਾ ਦੀ ਅਗਵਾਈ ਵਿਚ ਫਾਜਿਲਕਾ ਜਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ 30 ਪਸ਼ੂ ਭਲਾਈ ਕੈਂਪ ਲਗਾਏ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ ਮਨਦੀਪ ਸਿੰਘ ਨੇ ਦੱਸਿਆ ਕਿ ਇਹਨਾਂ ਕੈਂਪਾਂ ਦੌਰਾਨ ਹੜ੍ਹਾਂ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਵਿਚ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪਸ਼ੂਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਪਸ਼ੂਆਂ ਦੇ ਥੱਲੇ ਸਫਾਈ ਰੱਖਣੀ ਜਰੂਰੀ ਹੈ।ਪਸ਼ੂਆਂ ਨੂੰ ਥਨੈਲਾ ਰੋਗ ਤੋਂ ਬਚਾਉਣ ਲਈ ਪਸ਼ੂ ਨੂੰ ਚੋਣ ਤੋਂ ਬਾਅਦ ਉਹਨਾਂ ਦੇ ਥਣਾਂ ਨੂੰ ਪੋਵੀਡੀਨ ਆਇਓਡੀਨ ਅਤੇ ਗਲਿਸਰੀਨ ਦੇ ਘੋਲ ਵਿਚ ਡੁਬਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਚੁਆਈ ਤੋਂ ਬਾਅਦ ਅੱਧੇ ਘੰਟੇ ਤੱਕ ਪਸ਼ੂ ਨੂੰ ਬੈਠਣ ਨਹੀਂ ਦੇਣਾ ਚਾਹੀਦਾ ਹੈ।
ਡਾ ਰਾਜ ਸਿੰਘ ਸੀਨੀਅਰ ਵੈਟਰਨਰੀ ਅਫਸਰ ਜਲਾਲਾਬਾਦ ਅਤੇ ਡਾ ਰਾਜੇਸ਼ ਜਾਜੋਰੀਆ ਸੀਨੀਅਰ ਵੈਟਰਨਰੀ ਅਫਸਰ ਫਾਜਿਲਕਾ ਨੇ ਦੱਸਿਆ ਕਿ ਅੱਜ ਦੇ ਕੈਂਪਾਂ ਦੌਰਾਨ ਪਸ਼ੂ ਪਾਲਣ ਵਿਭਾਗ ਫਾਜਿਲਕਾ ਦੀਆਂ ਟੀਮਾਂ ਵੱਲੋਂ 6734 ਪਸ਼ੂਆਂ ਦਾ ਮੁਫਤ ਇਲਾਜ ਕੀਤਾ ਗਿਆ। ਉਹਨਾਂ ਕਿਹਾ ਕਿ ਪਸ਼ੂਆਂ ਦੀ ਪ੍ਰਜਣਨ ਕਿਰਿਆ ਅਤੇ ਦੁੱਧ ਦੀ ਪੈਦਾਵਾਰ ਨੂੰ ਬਰਕਰਾਰ ਰੱਖਣ ਲਈ ਧਾਤਾਂ ਦਾ ਚੂਰਾ ਅਤੇ ਮਲੱਪ ਰਹਿਤ ਕਰਨ ਦੀ ਦਵਾਈ ਮੁਫਤ ਦਿੱਤੀ ਗਈ।
ਡਾ ਜਸਮੀਨ ਕੌਰ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਫਾਜਿਲਕਾ ਨੇ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਚਿੱਚੜਾਂ ਦੀ ਸਮੱਸਿਆ ਬਹੁਤ ਵੱਧ ਗਈ ਹੈ। ਇਹਨਾਂ ਕੈਂਪਾਂ ਦੌਰਾਨ ਚਿੱਚੜਾਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਚਿੱਚੜਾਂ ਨੂੰ ਮਾਰਨ ਵਾਲੀ ਦਵਾਈ ਮੁਫਤ ਵੰਡੀ ਗਈ।ਉਹਨਾਂ ਨੇ ਕਿਹਾ ਕਿ ਪਸ਼ੂਆਂ ਨੂੰ ਗਲਘੋਟੂ ਬੀਮਾਰੀ ਤੋਂ ਬਚਾਉਣ ਲਈ ਫਾਜਿਲਕਾ ਜਿਲੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਸ਼ੂਆਂ ਨੂੰ ਗਲਘੋਟੂ ਦੀ 30000 ਬੂਸਟਰ ਡੋਜ ਲਗਾਈ ਜਾ ਚੁੱਕੀ ਹੈ।
ਅੱਜ ਦੇ ਕੈਂਪਾਂ ਨੂੰ ਕਾਮਯਾਬ ਬਣਾਉਣ ਲਈ ਜਿਲੇ ਦੇ ਸਮੂਹ ਵੈਟਰਨਰੀ ਅਫਸਰਾਂ, ਵੈਟਰਨਰੀ ਇੰਸਪੈਕਟਰਾਂ, ਵੈਟਰਨਰੀ ਫਾਰਮਸਿਸਟ ਅਤੇ ਦਰਜਾਚਾਰ ਮੁਲਾਜਮਾਂ ਨੇ ਆਪਣਾ ਭਰਪੂਰ ਸਹਿਯੋਗ ਦਿੱਤਾ।
