ਤਰਨਤਾਰਨ 30 june 2025 AJ DI Awaaj
ਤਰਨਤਾਰਨ ਜ਼ਿਲ੍ਹੇ ਵਿਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਰਜਿੰਦਰ ਤਲਵੰਡੀ ਦੀ ਗੱਡੀ ਨਾਲ ਇੱਕ ਨਸ਼ੇ ਵਿੱਚ ਧੁਤ ਨੌਜਵਾਨ ਨੇ ਟੱਕਰ ਮਾਰੀ, ਜਿਸ ਕਾਰਨ ਦੋਹਾਂ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਹਾਦਸੇ ਤੋਂ ਬਾਅਦ ਰਜਿੰਦਰ ਤਲਵੰਡੀ ਨੇ ਨੌਜਵਾਨ ਦੀ ਗੱਡੀ ਦਾ ਪਿੱਛਾ ਕੀਤਾ, ਜੋ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪਿੱਛਾ ਕਰਨ ‘ਤੇ ਸਾਹਮਣੇ ਆਇਆ ਕਿ ਨੌਜਵਾਨ ਨਸ਼ੇ ਦੀ ਹੱਦ ਤੱਕ ਧੁਤ ਸੀ। ਗੱਡੀ ਖੇਤਾਂ ‘ਚ ਵਾੜ੍ਹ ਲਈ ਗਈ ਸੀ। ਜਦ ਰਜਿੰਦਰ ਤਲਵੰਡੀ ਨੇ ਉਸਨੂੰ ਗੱਡੀ ‘ਚੋਂ ਬਾਹਰ ਆਉਣ ਲਈ ਆਖਿਆ, ਤਾਂ ਨੌਜਵਾਨ ਬਿਲਕੁਲ ਹੋਸ਼ ਵਿਚ ਨਹੀਂ ਸੀ। ਉਸ ਦੀ ਹਾਲਤ ਇਨੀ ਖ਼ਰਾਬ ਸੀ ਕਿ ਉਹ ਢੰਗ ਨਾਲ ਖੜਾ ਵੀ ਨਹੀਂ ਹੋ ਸਕਿਆ ਤੇ ਮੌਕੇ ‘ਤੇ ਹੀ ਡਿੱਗ ਗਿਆ।
ਇਸ ਸਾਰੀ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸਨੂੰ ਦੇਖ ਲੋਕ ਨਸ਼ੇ ਦੀ ਸਮੱਸਿਆ ‘ਤੇ ਗੰਭੀਰ ਚਿੰਤਾ ਜਤਾ ਰਹੇ ਹਨ। ਇਹ ਹਾਦਸਾ ਸਪਸ਼ਟ ਕਰਦਾ ਹੈ ਕਿ ਨਸ਼ਾ ਨਾ ਸਿਰਫ਼ ਨੌਜਵਾਨੀ ਨੂੰ ਬਰਬਾਦ ਕਰ ਰਿਹਾ ਹੈ, ਸਗੋਂ ਆਮ ਲੋਕਾਂ ਦੀ ਜ਼ਿੰਦਗੀ ਲਈ ਵੀ ਖ਼ਤਰਾ ਬਣ ਚੁੱਕਾ ਹੈ।
