ਭਗਤੀ ਤੇ ਅਨੰਦ ਨਾਲ ਸਜੀ ‘ਦੀਪ ਉਤਸਵ 2025’ ਦੀ ਸ਼ਾਮ

16

ਹੁਸ਼ਿਆਰਪੁਰ, 15 ਅਕਤੂਬਰ 2025 AJ DI Awaaj

Punjab Desk : ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਦੀਵਾਲੀ ਦੇ ਤਿਉਹਾਰ ਸਬੰਧੀ ਬਿਰਧ ਆਸ਼ਰਮ, ਰਾਮ ਕਲੋਨੀ ਕੈਂਪ ਵਿਖੇ ਵਿਸ਼ਾਲ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸਨ, ਰੈੱਡ ਕਰਾਸ ਸੁਸਾਇਟੀ ਅਤੇ ਸੰਸਕਾਰੀ ਵਿਦਿਆਰਥੀ ਵੈਲਫੇਅਰ ਸੁਸਾਇਟੀ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿਚ ਸਮਾਜ ਸੇਵਕਾ ਸਤੀਸ਼ ਸਿੱਲੀ ਉੱਪਲ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਭਗਤੀ ਸੰਗੀਤ ਅਤੇ ਸੁਰੀਲੇ ਭਜਨਾਂ ਨਾਲ ਪੂਰੇ ਮਾਹੌਲ ਨੂੰ ਅਧਿਆਤਮਿਕਤਾ ਦੇ ਰੰਗ ਵਿਚ ਰੰਗ ਦਿੱਤਾ।
ਪ੍ਰੋਗਰਾਮ ਦੀ ਸ਼ੁਰੂਆਤ ਦੀਵੇ ਜਗਾਉਣ ਅਤੇ ਸਵਾਗਤੀ ਸਮਾਰੋਹ ਨਾਲ ਹੋਈ, ਉਪਰੰਤ ਗਣੇਸ਼ ਵੰਦਨਾ ਅਤੇ ਰਾਮ ਭਜਨ ਦਾ ਗਾਇਨ ਕੀਤਾ ਗਿਆ। ਇਸ ਤੋਂ ਬਾਅਦ ਮਾਂ ਲਕਸ਼ਮੀ ਦੀ ਆਰਤੀ ਕੀਤੀ ਗਈ, ਜਿਸ ਵਿਚ ਸਾਰੇ ਮੌਜੂਦ ਲੋਕਾਂ ਨੇ ਸ਼ਰਧਾ ਨਾਲ ਸ਼ਿਰਕਤ ਕੀਤੀ। ਨਾਲ ਹੀ ਰੰਗੋਲੀ ਮੁਕਾਬਲੇ ਨੇ ਸਮਾਗਮ ਦੀ ਰੰਗਤ ਨੂੰ ਹੋਰ ਵਧਾ ਦਿੱਤਾ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਮੌਕੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜ ਵਿਚ ਆਪਸੀ ਪਿਆਰ, ਸਦਭਾਵਨਾ ਅਤੇ ਸ਼ਰਧਾ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੇ ਬਿਰਧ ਆਸ਼ਰਮ ਦੇ ਨਿਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਦੀ ਭਲਾਈ ਲਈ ਹਮੇਸ਼ਾ ਤਿਆਰ ਰਹੇਗਾ।
ਭਜਨ ਸੰਧਿਆ ਨੇ ਸਾਰੇ ਮੌਜੂਦ ਲੋਕਾਂ ਨੂੰ ਇਕ ਘੰਟੇ ਲਈ ਸ਼ਾਂਤੀ, ਭਗਤੀ ਅਤੇ ਅਨੰਦ ਦੀ ਭਾਵਨਾ ਨਾਲ ਭਰ ਦਿੱਤਾ। ਇਸ ਮੌਕੇ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਮੰਗੇਸ਼ ਸੂਦ, ਸੰਯੁਕਤ ਸਕੱਤਰ ਆਦਿੱਤਿਆ ਰਾਣਾ, ਰਾਜੀਵ ਬਜਾਜ, ਪ੍ਰੀਤੀ ਗੁਪਤਾ, ਤੁਸ਼ਾਰ, ਪਰਿਤੋਸ਼, ਮਨੀ ਗੋਗੀਆ ਅਤੇ ਹੋਰ ਪਤਵੰਤੇ ਮੌਜੂਦ ਸਨ।