ਅਮ੍ਰਿਤਸਰ ਅਤੇ ਐਸ.ਏ.ਐਸ. ਨਗਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ SC ਕਮਿਸ਼ਨ ਵੱਲੋਂ ਤਲਬੀ ਦੇ ਹੁਕਮ

21

02 Aug 2025 AJ Di Awaaj

Punjab Desk : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹਰਮਨਦੀਪ ਸਿੰਘ ਹੰਸ ਨੂੰ ਨਿੱਜੀ ਤੌਰ ‘ਤੇ 4 ਅਗਸਤ 2025 ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।

ਮਾਮਲਾ 1 – ਐਸ.ਏ.ਐਸ. ਨਗਰ
ਭੌਤਿਕ/ਆਡੀਓ ਫੋਰੈਂਸਿਕ ਵਿਭਾਗ ਦੀ ਸਹਾਇਕ ਡਾਇਰੈਕਟਰ ਡਾ. ਸੰਦੀਪ ਕੌਰ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਮੁਖੀ ਅਸ਼ਵਨੀ ਕਾਲੀਆ ਵੱਲੋਂ ਜਾਤੀ ਸੂਚਕ ਸ਼ਬਦ ਵਰਤੇ ਗਏ। ਡਿਸਟ੍ਰਿਕਟ ਅਟਾਰਨੀ ਵੱਲੋਂ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਚਲਦੇ, ਐਸ.ਐਸ.ਪੀ. ਨੂੰ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਤੱਥਾਂ ਸਮੇਤ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

ਮਾਮਲਾ 2 – ਅੰਮ੍ਰਿਤਸਰ
ਪਰਮਿੰਦਰ ਕੌਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ‘ਚ ਦੱਸਿਆ ਗਿਆ ਕਿ ਇਕ ਵਿਅਕਤੀ ਵੱਲੋਂ ਉਨ੍ਹਾਂ ਨੂੰ ਜਾਤੀ ਸੂਚਕ ਗਾਲ੍ਹਾਂ ਕੱਢਣ, ਅਸ਼ਲੀਲ ਗੱਲਾਂ ਕਰਨ ਅਤੇ ਨਾਜਾਇਜ਼ ਵੀਡੀਓ ਰਾਹੀਂ ਤੰਗ ਕੀਤਾ ਜਾ ਰਿਹਾ ਹੈ। SC ਕਮਿਸ਼ਨ ਵੱਲੋਂ ਜਾਂਚ ਲਈ ਬਿਊਰੋ ਆਫ ਇਨਵੈਸਟੀਗੇਸ਼ਨ ਤੋਂ ਰਿਪੋਰਟ ਲੈਣ ਦੇ ਬਾਵਜੂਦ ਕਾਰਵਾਈ ਨਹੀਂ ਹੋਈ। ਇਸ ਮਾਮਲੇ ਵਿੱਚ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੂੰ ਵੀ ਨਿੱਜੀ ਤੌਰ ‘ਤੇ ਹਾਜ਼ਰੀ ਭਰਨ ਦੇ ਹੁਕਮ ਦਿੱਤੇ ਗਏ ਹਨ।

ਦੋਵੇਂ ਮਾਮਲਿਆਂ ਵਿੱਚ ਅਗਲੀ ਸੁਣਵਾਈ 4 ਅਗਸਤ 2025 ਨੂੰ ਨਿਰਧਾਰਤ ਕੀਤੀ ਗਈ ਹੈ।