ਅੰਮ੍ਰਿਤਸਰ : 328 ਪਾਵਨ ਸਰੂਪ ਗਾਇਬ — ਮਾਮਲੇ ‘ਚ FIR ਦਰਜ

50

ਅੰਮ੍ਰਿਤਸਰ : 08 Dec 2025 AJ DI Awaaj

Punjab Desk : ਅੰਮ੍ਰਿਤਸਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਗੰਭੀਰ ਮਾਮਲੇ ਵਿੱਚ ਆਖ਼ਿਰਕਾਰ FIR ਦਰਜ ਕਰ ਲਈ ਗਈ ਹੈ। ਮੋਰਚੇ ਦੀ ਅਗਵਾਈ ਕਰ ਰਹੇ ਭਾਈ ਬਲਦੇਵ ਸਿੰਘ ਵਢਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ FIR ਦੀ ਕਾਪੀ ਸੌਂਪੀ ਗਈ। ਇਹ ਕੇਸ ਧਾਰਾ 295-A ਤਹਿਤ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ, FIR ਵਿੱਚ ਉਸ ਸਮੇਂ ਦੇ ਸਕੱਤਰ ਡਾ. ਰੂਪ ਸਿੰਘ ਸਮੇਤ 16 ਪੁਰਾਣੇ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ।

ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਅਕਸਰ ਕਈ ਧਾਰਮਿਕ ਮਾਮਲਿਆਂ ਨੂੰ ਲੈ ਕੇ ਆਹਮੋ-ਸਾਹਮਣੇ ਰਹੇ ਹਨ—ਭਾਵੇਂ ਉਹ ਸ਼ਤਾਬਦੀ ਸਮਾਗਮ ਹੋਣ ਜਾਂ ਅਕਾਲ ਤਖ਼ਤ ਸਾਹਿਬ ਵੱਲੋਂ ਸਰਕਾਰੀ ਮੰਤਰੀਆਂ ਖ਼ਿਲਾਫ ਕੀਤੀ ਕਾਰਵਾਈ। ਤਾਜ਼ਾ ਮਾਮਲੇ ਵਿੱਚ 328 ਗਾਇਬ ਸਰੂਪਾਂ ਨੂੰ ਲੈ ਕੇ ਮੋਰਚੇ ਵੱਲੋਂ ਅੱਜ ਵੱਡਾ ਸੰਮਾਗਮ ਕੀਤਾ ਗਿਆ, ਜਿਸ ਵਿੱਚ ਮੰਤਰੀ ਹਰਜੋਤ ਬੈਂਸ ਅਤੇ ਸਪੀਕਰ ਕੁਲਤਾਰ ਸੰਧਵਾ ਨੇ ਵੀ ਹਾਜ਼ਰੀ ਭਰੀ।

ਮੋਰਚੇ ਵੱਲੋਂ ਦੋਵਾਂ ਨੂੰ ਇੱਕ ਮੰਗ-ਪੱਤਰ ਸੌਂਪਿਆ ਗਿਆ, ਜਿਸ ਵਿੱਚ SGPC ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਸਰਕਾਰੀ ਪੱਖ ਨੇ ਅੱਜ ਹੀ FIR ਦਰਜ ਕਰਨ ਦਾ ਭਰੋਸਾ ਦਿੱਤਾ।

ਇਸ ਪ੍ਰੋਗ੍ਰਾਮ ਦੇ ਮੁੱਖ ਚਿਹਰੇ ਬਲਦੇਵ ਸਿੰਘ ਵਢਾਲਾ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਬਲਦੇਵ ਸਿੰਘ ਸਿਰਸਾ ਸਨ।

ਇਸ ਪੂਰੇ ਮਾਮਲੇ ‘ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਸੰਸਥਾਵਾਂ ਵਿੱਚ ਪੰਜਾਬ ਸਰਕਾਰ ਦਾ ਦਖ਼ਲ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਬੇਅਦਬੀ ਨਹੀਂ, ਸਗੋਂ ਪੈਸਿਆਂ ਦੀ ਹੇਰਾਫੇਰੀ ਨਾਲ ਜੁੜਿਆ ਮਾਮਲਾ ਹੈ।